ਐਡੀਲੇਡ, 7 ਦਸੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੀ ਲਿਬਰਲ ਪਾਰਟੀ ਵਿਚ ਨੇਤਿ੍ਤਵ ਸੰਕਟ ਗਹਿਰਾ ਹੋ ਗਿਆ ਹੈ, ਜਦੋਂ ਕਿ ਚੋਣਾਂ ਲਈ ਸਿਰਫ਼ 15 ਹਫ਼ਤੇ ਬਾਕੀ ਹਨ | ਪਾਰਟੀ ਨੇਤਾ ਵਿਨਸੈਂਟ ਟਾਰਜ਼ੀਆ ਦੇ ਅਚਾਨਕ ਅਸਤੀਫ਼ੇ ਨਾਲ ਸੋਮਵਾਰ ਨੂੰ ਨਵੇਂ ਨੇਤਾ ਦੀ ਚੋਣ ਤੈਅ ਹੋ ਗਈ ਹੈ | ਟਾਰਜ਼ੀਆ ਨੇ ਕਿਹਾ ਕਿ ਉਹ ਐਮ.ਪੀ. ਵਜੋਂ ਆਪਣੇ ਹਲਕੇ ਅਤੇ ਪਰਿਵਾਰ ਲਈ ਹੋਰ ਚੰਗੀ ਸੇਵਾ ਦੇਣ 'ਤੇ ਧਿਆਨ ਦੇਣਾ ਚਾਹੁੰਦੇ ਹਨ | ਚਾਰ ਸਾਲਾਂ ਤੋਂ ਘੱਟ ਸਮੇਂ ਵਿਚ ਪਾਰਟੀ ਚੌਥੀ ਵਾਰ ਨਵਾਂ ਲੀਡਰ ਚੁਣੇਗੀ, ਜਦਕਿ 2026 ਦੀ ਚੋਣ ਜਿੱਤਣ ਦੀ ਉਮੀਦ ਹੋਰ ਦੂਰ ਦਿਖ ਰਹੀ ਹੈ | ਅਸਤੀਫ਼ੇ ਤੋਂ ਬਾਅਦ ਪਾਰਟੀ ਹੁਣ ਜਿੱਤ ਦੀ ਦੌੜ ਦੀ ਬਜਾਏ ਆਪਣੀਆਂ ਮੌਜੂਦਾ ਸੀਟਾਂ ਬਚਾਉਣ ਵੱਲ ਧਿਆਨ ਦੇ ਰਹੀ ਹੈ | ਟਾਰਜ਼ੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਹਾਰਟਲੇ ਹਲਕੇ ਪ੍ਰਤੀ ਪਿਆਰ ਜਤਾਉਂਦੇ ਹੋਏ ਕਿਹਾ ਕਿ ਉਹ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ | ਪਿਛਲੇ ਦਿਨਾਂ ਉਹ ਅਗਵਾਈ ਦੀ ਦਾਅਵੇਦਾਰੀ ਤੋਂ ਇਨਕਾਰ ਕਰ ਰਹੀ ਸੀ, ਪਰ ਟਾਰਜ਼ੀਆ ਦੇ ਅਸਤੀਫ਼ੇ ਵਾਲੇ ਦਿਨ ਉਸਨੇ ਇਹ ਸੰਭਾਵਨਾ ਰੱਦ ਨਹੀਂ ਕੀਤੀ | ਉਸਨੇ ਕਿਹਾ, ਮੈਂ ਵਿਨਸੈਂਟ ਦੀ 16 ਮਹੀਨੇ ਦੀ ਲੀਡਰਸ਼ਿੱਪ ਲਈ ਧੰਨਵਾਦ ਕਰਦੀ ਹਾਂ | ਹੁਣ ਮੈਂ ਆਪਣੇ ਸਾਥੀਆਂ ਨਾਲ ਗੱਲਬਾਤ ਕਰਾਂਗੀ ਫਿਰ ਫੈਸਲਾ ਕੀਤਾ ਜਾਵੇਗਾ | ਪਾਰਟੀ ਅੰਦਰ ਚਿੰਤਾ ਇਹ ਹੈ ਕਿ ਜੇ ਲਿਬਰਲ ਪਾਰਟੀ ਚੋਣਾਂ ਵਿਚ ਕੁਝ ਸੀਟਾਂ ਤੱਕ ਹੀ ਸਿਮਟ ਗਈ ਤਾਂ ਵੱਡੀ ਪਾਰਟੀ ਦਾ ਦਾਅਵਾ ਕਿਵੇਂ ਕਾਇਮ ਰਹੇਗਾ? ਅਤੇ ਫਿਰ ਵਾਪਸੀ ਦਾ ਰਸਤਾ ਕਿੰਨਾ ਲੰਮਾ ਹੋਵੇਗਾ, ਟਾਰਜ਼ੀਆ ਨੇ ਕਿਹਾ ਹੈ ਕਿ ਉਹ ਕਿ੍ਸਮਸ ਤੋਂ ਪਹਿਲਾਂ ਨਵੇਂ ਨੇਤਾ ਲਈ ਸਪੱਸ਼ਟ ਹਵਾ ਦੇਣ ਲਈ ਹਟ ਰਹੇ ਹਨ |