ਲੰਡਨ, 7 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਿੰਗਲਵਾੜਾ ਸੁਸਾਇਟੀ ਯੂ.ਕੇ. ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸਾਲਾਨਾ ਸਮਾਗਮ ਕਰਵਾਏ ਗਏ | ਜਿਸ ਮੌਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਗੁਰਬਾਣੀ ਕੀਰਤਨ, ਗੁਰੂ ਸਾਹਿਬ ਦੇ ਜੀਵਨ, ਸ਼ਹੀਦੀ ਤੇ ਉਪਦੇਸ਼ ਦੇ ਨਾਲ ਭਗਤ ਪੂਰਨ ਸਿੰਘ ਵੱਲੋਂ ਸਥਾਪਿਤ ਪਿੰਗਲਵਾੜਾ ਲਈ ਕੀਤੀਆਂ ਸੇਵਾਵਾਂ ਬਾਰੇ ਵਿਚਾਰਾਂ ਹੋਈਆਂ | ਸੁਸਾਇਟੀ ਦੇ ਪ੍ਰਧਾਨ ਜਗਰਾਜ ਸਿੰਘ ਸਰਾਂ ਨੇ ਭਗਤ ਪੂਰਨ ਸਿੰਘ ਵੱਲੋਂ ਦਰਸਾਏ ਮਾਰਗ 'ਤੇ ਚੱਲਦਿਆਂ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ | ਬਰਤਾਨੀਆਂ ਦੀ ਵਿਦੇਸ਼ ਰਾਜ ਮੰਤਰੀ ਸੀਮਾ ਮਲਹੋਤਰਾ ਨੇ ਪਿੰਗਲਵਾੜਾ ਵੱਲੋਂ ਕੀਤੀਆਂ ਜਾਂਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਪ੍ਰਬੰਧਕ ਕਮੇਟੀ ਵੱਲੋਂ ਮਨਜੀਤ ਸਿੰਘ ਵੱਲੋਂ ਜੱਗੀ ਜੌਹਲ ਦੇ ਉਠਾਏ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਬਰਤਾਨੀਆਂ ਸਰਕਾਰ ਸਮੇਂ-ਸਮੇਂ ਭਾਰਤ ਕੋਲ ਜੱਗੀ ਦਾ ਮਾਮਲਾ ਉਠਾ ਰਹੀ ਹੈ, ਉਹ ਵੀ ਇਸ ਮਾਮਲੇ ਨੂੰ ਲੈ ਕੇ ਫਿਕਰਮੰਦ ਹੈ | ਉਹਨਾਂ ਇਹ ਵੀ ਕਿਹਾ ਕਿ ਵਿਦੇਸ਼ ਮੰਤਰਾਲਾ ਵੀ ਜੱਗੀ ਜੌਹਲ ਦੇ ਪਰਿਵਾਰ ਦੇ ਸੰਪਰਕ ਵਿਚ ਹੈ | ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ ਨੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੁਖਦੇਵ ਸਿੰਘ ਸੰਧਾਵਾਲੀਆ, ਮਨਜੀਤ ਸਿੰਘ, ਸ਼ਿਵਦੀਪ ਕੌਰ ਢੇਸੀ, ਕੁਲਵੰਤ ਕੌਰ ਢਿੱਲੋਂ, ਪਰਮਜੀਤ ਸਿੰਘ ਧਾਲੀਵਾਲ, ਸਤਨਾਮ ਸਿੰਘ ਚੌਹਾਨ ਆਦਿ ਹਾਜ਼ਿਰ ਸਨ |