ਟੋਰਾਂਟੋ, 19 ਦਸੰਬਰ (ਹਰਜੀਤ ਸਿੰਘ ਬਾਜਵਾ) -ਬੀਤੇ ਸਾਲਾਂ ਤੋਂ ਵਿਦੇਸ਼ੀ ਨੌਜਵਾਨ ਕੈਨੇਡਾ 'ਚ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਲੈ ਕੇ ਵੱਡੀ ਗਿਣਤੀ ਵਿੱਚ ਜਾਂਦੇ ਰਹੇ ਹਨ, ਜਿਨ੍ਹਾਂ ਵਿਚ ਸਭ ਤੋਂ ਵੱਧ ਗਿਣਤੀ ਭਾਰਤੀਆਂ (ਖਾਸ ਤੌਰ 'ਤੇ ਪੰਜਾਬੀਆਂ) ਦੀ ਹੈ | ਇਸੇ ਦੌਰਾਨ ਸਰਕਾਰ ਵਲੋਂ ਸਖ਼ਤ ਕੀਤੇ ਜਾ ਚੁੱਕੇ ਵੀਜਾ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਕਾਰਨ ਹੁਣ ਬਹੁਤ ਸਾਰੇ ਨੌਜਵਾਨ ਵਰਕ ਪਰਮਿਟ ਖਤਮ ਹੋਣ ਤੋਂ ਬਾਅਦ ਦੇਸ਼ ਛੱਡਣ ਲਈ ਮਜਬੂਰ ਹਨ | ਇਸ ਸੰਵੇਨਦਸ਼ੀਲ ਮੁੱਦੇ ਬਾਰੇ ਬੀਤੇ ਦਿਨ ਕੈਨੇਡਾ ਵਿਚ ਉੱਘੇ ਪੱਤਰਕਾਰ ਅਤੇ ਸਮਾਜ ਸੇਵੀ ਸਤਪਾਲ ਸਿੰਘ ਜੌਹਲ ਵਲੋਂ ਇਕ ਵਿਸਥਾਰਿਤ ਪੱਤਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਲਿਖਿਆ ਗਿਆ, ਜਿਸ ਵਿਚ ਕਿਹਾ ਗਿਆ ਕਿ ਕਾਨੂੰਨੀ ਤੌਰ 'ਤੇ ਕੈਨੇਡਾ ਪੁੱਜੇ ਅਤੇ ਇਥੇ ਰਹਿੰਦੇ ਸਮੇਂ ਸਾਰੇ ਕਾਨੂੰਨਾਂ ਦੀ ਪਾਲਣਾ ਕਰ ਰਹੇ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਪੱਕੇ ਹੋਣ ਦਾ ਵਿਸ਼ੇਸ਼ ਮੌਕਾ ਦੇਣ ਲਈ ਇਕ ਨੀਤੀ ਬਣਾਉਣ ਬਾਰੇ ਵਿਚਾਰ ਕੀਤਾ ਜਾਵੇ | ਜੌਹਲ ਨੇ ਲਿਖਿਆ ਕਿ ਕੈਨੇਡਾ ਨੂੰ ਵਿਦੇਸ਼ਾਂ ਤੋਂ ਇਮੀਗ੍ਰੇਸ਼ਨ ਦੀ ਲੋੜ ਹੈ ਜਿਸ ਕਰਕੇ ਦੇਸ਼ ਵਿਚ ਆਏ ਚੰਗੇ ਲੋਕਾਂ ਲਈ ਸਥਾਪਤੀ ਦੇ ਰਾਹ ਔਖੇ ਨਹੀਂ ਕੀਤੇ ਜਾਣੇ ਚਾਹੀਦੇ | ਪੱਤਰ ਵਿਚ ਪ੍ਰਧਾਨ ਮੰਤਰੀ ਕਾਰਨੀ ਨੂੰ ਸਾਫ ਲਿਖਿਆ ਕਿ ਪੱਕੀ ਇਮੀਗ੍ਰੇਸ਼ਨ ਦੇਣ ਤੋਂ ਪਹਿਲਾਂ ਹਰੇਕ ਕੇਸ ਦੀ ਬਾਰੀਕੀ ਨਾਲ ਘੋਖ ਕਰਨਾ ਜ਼ਰੂਰੀ ਹੈ ਤਾਂ ਕਿ ਅਪਰਾਧਿਕ ਪਿਛੋਕੜ ਵਾਲੇ ਅਰਜ਼ੀਕਰਤਾਵਾਂ ਨੂੰ ਕੈਨੇਡਾ ਵਿਚ ਟਿਕੇ ਰਹਿਣ ਦਾ ਮੌਕਾ ਨਾ ਮਿਲੇ | ਇਸ ਪੱਤਰ ਦੇ ਜਵਾਬ ਵਿਚ ਕਾਰਨੀ ਨੇ ਲਿਖਿਆ ਕਿ ਉਨ੍ਹਾਂ ਨੇ ਪੱਤਰ ਗਹੁ ਨਾਲ਼ ਪੜਿ੍ਹਆ, ਜਿਸ ਨੂੰ ਵਿਚਾਰਨ ਵਾਸਤੇ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੂੰ ਭੇਜਿਆ ਜਾ ਰਿਹਾ ਹੈ | ਜੌਹਲ ਨੇ ਦੱਸਿਆ ਕਿ ਕੈਨੇਡਾ ਇਕ ਮਹਾਨ ਦੇਸ਼ ਹੈ ਜਿਸ ਨੂੰ ਕਿਸੇ ਕਿੱਤੇ ਦੇ ਮਾਹਿਰ ਨੌਜਵਾਨਾਂ ਦੀ ਲੋੜ ਹੈ ਅਤੇ ਇਸ ਦੇਸ਼ ਵਿਚ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਜਿੰਦਗੀ ਸਥਾਪਿਤ ਕਰਨਾ ਸੰਭਵ ਹੈ |