ਐਬਟਸਫੋਰਡ, 24 ਦਸੰਬਰ (ਗੁਰਦੀਪ ਸਿੰਘ ਗਰੇਵਾਲ)-ਵਿਸ਼ਵ ਭਰ 'ਚ ਜਿਥੇ ਈਸਾਈ ਭਾਈਚਾਰਾ ਆਪਣਾ ਪਵਿੱਤਰ ਤਿਉਹਾਰ 'ਕ੍ਰਿਸਮਸ' ਮਨਾ ਰਿਹਾ ਹੈ, ਉਥੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਪਿੰਡ ਬਰਨਜ਼ ਵਿਖੇ ਇਕ ਮੰਦਭਾਗੀ ਘਟਨਾ ਵਾਪਰੀ ਹੈ, ਜਿਥੇ ਇਕ ਸਿਰਫਿਰੇ 19 ਸਾਲਾ ਨੌਜਵਾਨ ਵਲੋਂ ਹਾਈਵੇ 35 'ਤੇ ਸਥਿਤ ਆਈਲੈਂਡ ਗੋਸਪਲ ਚਰਚ ਨੂੰ ਸਵੇਰੇ 5.30 ਵਜੇ ਅੱਗ ਲਗਾ ਦਿੱਤੀ ਜਿਸ ਕਾਰਨ ਚਰਚ ਦੀ ਇਮਾਰਤ ਪੂਰੀ ਤਰ੍ਹਾਂ ਨੁਕਸਾਨੀ ਗਈ | ਅੱਗ ਬੁਝਾਊ ਅਮਲੇ ਦੇ 20 ਮੈਂਬਰਾਂ ਨੇ 4 ਘੰਟੇ ਦੀ ਜੱਦੋਜਹਿਦ ਮਗਰੋਂ ਅੱਗ 'ਤੇ ਕਾਬੂ ਪਾਇਆ | ਅੱਗ ਬੁਝਾਊ ਵਿਭਾਗ ਦੇ ਮੁਖੀ ਰਾਬਰਟ ਕਰਾਸ ਦਾ ਕਹਿਣਾ ਹੈ ਕਿ ਅੱਗ ਨਾਲ 50 ਲੱਖ ਡਾਲਰ ਭਾਵ ਤਕਰੀਬਨ 33 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ | 1983 'ਚ ਬਣੀ ਈਸਾਈ ਮੱਤ ਦੀ ਇਸ ਚਰਚ ਵਿਚ ਹਰ ਐਤਵਾਰ ਕਾਫੀ ਸ਼ਰਧਾਲੂ ਆਉਂਦੇ ਸਨ ਤੇ ਕ੍ਰਿਸਮਸ ਵਾਲੇ ਦਿਨ ਵਿਸ਼ੇਸ਼ ਸਮਾਗਮ ਕਰਵਾਉਣ ਦੀ ਤਿਆਰੀ ਹੋ ਰਹੀ ਸੀ | ਪੁਲਿਸ ਨੇ ਚਰਚ ਨੂੰ ਅੱਗ ਲਾਉਣ ਵਾਲੇ ਉਕਤ ਸ਼ੱਕੀ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ ਪਰ ਉਸ ਦਾ ਨਾਂਅ ਨਹੀਂ ਜਾਰੀ ਕੀਤਾ ਗਿਆ | ਵਰਨਣਯੋਗ ਹੈ ਕਿ ਬੀਤੇ 5 ਸਾਲਾਂ ਵਿਚ ਕੈਨੇਡਾ ਭਰ 'ਚ ਤਕਰੀਬਨ 40 ਚਰਚਾਂ ਦੀਆਂ ਇਮਾਰਤਾਂ ਅੱਗ ਲੱਗਣ ਕਾਰਨ ਨੁਕਸਾਨੀਆਂ ਗਈਆਂ ਹਨ |