ਟੋਰਾਂਟੋ, 26 ਦਸੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਟੋਰਾਂਟੋ ਯੂਨੀਵਰਸਿਟੀ ਸਕਾਰਬੋਰੋ ਕੈਂਪਸ ਨੇੜੇ ਇਕ 20 ਸਾਲਾ ਭਾਰਤੀ ਡਾਕਟਰੇਟ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਅਨੁਸਾਰ ਗੋਲੀਬਾਰੀ ਮੰਗਲਵਾਰ ਨੂੰ ਹੋਈ ਸੀ ਤੇ ਟੋਰਾਂਟੋ ਪੁਲਿਸ ਨੇ ਬੁੱਧਵਾਰ ਨੂੰ ਪੀੜਤ ਦੀ ਪਛਾਣ ਸ਼ਿਵਾਂਕ ਅਵਸਥੀ ਵਜੋਂ ਕੀਤੀ | ਡਿਊਟੀ ਦÏਰਾਨ ਜ਼ਮੀਨ 'ਤੇ ਪਏ ਇਕ ਜ਼ਖਮੀ ਵਿਅਕਤੀ ਦੀ ਰਿਪੋਰਟ ਲਈ ਮੰਗਲਵਾਰ ਦੁਪਹਿਰ ਲਗਭਗ 3:30 ਵਜੇ ਹਾਈਲੈਂਡ ਕਰੀਕ ਟ੍ਰੇਲ ਤੇ ਓਲਡ ਕਿੰਗਸਟਨ ਰੋਡ ਦੇ ਖੇਤਰ 'ਚ ਪੁਲਿਸ ਨੂੰ ਬੁਲਾਇਆ ਗਿਆ ਸੀ | ਪੁਲਿਸ ਨੇ ਕਿਹਾ ਕਿ ਇਲਾਕੇ 'ਚ ਜੰਗਲਾਂ ਵਿੱਚੋਂ ਲੰਘ ਰਹੇ ਇਕ ਵਿਅਕਤੀ ਨੇ ਪੀੜਤ ਨੂੰ ਦੇਖਿਆ ਤੇ 911 'ਤੇ ਫੋਨ ਕੀਤਾ | ਟੋਰਾਂਟੋ ਪੁਲਿਸ ਨੇ ਫਿਲਹਾਲ ਕੋਈ ਸ਼ੱਕੀ ਵੇਰਵਾ ਜਾਰੀ ਨਹੀਂ ਕੀਤਾ ਹੈ | ਟੋਰਾਂਟੋ 'ਚ ਭਾਰਤ ਦੇ ਕੌਂਸਲੇਟ ਨੇ ਵਿਦਿਆਰਥੀ ਦੀ 'ਦੁਖਦਾਈ ਮੌਤ' 'ਤੇ ਡੂੰਘਾ ਦੁੱਖ ਪ੍ਰਗਟ ਕੀਤਾ | ਟੋਰਾਂਟੋ 'ਚ ਭਾਰਤੀ ਦੂਤਾਵਾਸ ਨੇ ਇਸ ਦੁਖਦਾਈ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਸ਼ਿਵਾਂਕ ਦੇ ਪਰਿਵਾਰ ਦੇ ਸੰਪਰਕ ਵਿੱਚ ਹਨ | ਉਹ ਸਥਾਨਕ ਅਧਿਕਾਰੀਆਂ ਦੇ ਸਹਿਯੋਗ ਨਾਲ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਟੋਰਾਂਟੋ 'ਚ 3 ਦਿਨਾਂ ਦੇ ਅੰਦਰ 2 ਭਾਰਤੀਆਂ ਦੀ ਹੱਤਿਆ ਕਰ ਦਿੱਤੀ ਗਈ ਹੈ | ਇਸ ਤੋਂ ਪਹਿਲਾਂ, 20 ਦਸੰਬਰ ਨੂੰ ਇਕ ਭਾਰਤੀ ਮੂਲ ਦੀ ਔਰਤ ਹਿਮਾਂਸ਼ੀ ਖੁਰਾਨਾ ਦੀ ਉਸਦੇ ਸਾਥੀ ਵਲੋਂ ਹੱਤਿਆ ਕਰ ਦਿੱਤੀ ਗਈ ਸੀ |