ਲੈਸਟਰ (ਇੰਗਲੈਂਡ), 27 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੀਆਂ ਜੇਲ੍ਹਾਂ ਦੀ ਸੁਰੱਖਿਆ ਪ੍ਰਣਾਲੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ ¢ ਨਵੀਆਂ ਰਿਪੋਰਟਾਂ ਮੁਤਾਬਕ ਅਪਰਾਧੀ ਗਰੋਹ ਹੁਣ ਐਸੇ ਆਧੁਨਿਕ ਅਤੇ ਤਾਕਤਵਰ ਡਰੋਨ ਵਰਤ ਰਹੇ ਹਨ, ਜੋ ਨਾ ਸਿਰਫ਼ ਵੱਡੀ ਮਾਤਰਾ ਵਿਚ ਗੈਰਕਾਨੂੰਨੀ ਸਮਾਨ ਢੋਅ ਸਕਦੇ ਹਨ, ਸਗੋਂ ਭਵਿੱਖ ਵਿਚ ਮਨੁੱਖੀ ਵਜ਼ਨ ਚੁੱਕਣ ਦੀ ਸਮਰਥਾ ਵੀ ਰੱਖਦੇ ਹਨ¢ ਸੁਰੱਖਿਆ ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਹਾਲਾਤਾਂ 'ਤੇ ਤੁਰੰਤ ਕਾਬੂ ਨਾ ਪਾਇਆ ਗਿਆ, ਤਾਂ ਜੇਲ੍ਹਾਂ ਤੋਂ ਕੈਦੀਆਂ ਦੀ ਭੱਜਣ ਵਰਗੀ ਗੰਭੀਰ ਘਟਨਾ ਵੀ ਸਾਹਮਣੇ ਆ ਸਕਦੀ ਹੈ ¢ ਸੂਤਰਾਂ ਅਨੁਸਾਰ ਇਸ ਸਮੇਂ ਡਰੋਨਾਂ ਰਾਹੀਂ ਜੇਲ੍ਹਾਂ ਅੰਦਰ ਨਸ਼ੀਲੇ ਪਦਾਰਥ, ਮੋਬਾਈਲ ਫੋਨ, ਸਿਮ ਕਾਰਡ ਅਤੇ ਹੋਰ ਪਾਬੰਦੀਸ਼ੁਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ ¢ ਇਕ ਅੰਦਾਜ਼ੇ ਮੁਤਾਬਕ ਗਰੋਹ ਇੱਕ ਵਾਰ ਦੀ ਉਡਾਣ 'ਚ ਹੀ ਪੰਜਾਹ ਹਜ਼ਾਰ ਪੌਂਡ ਤੱਕ ਦੀ ਕਮਾਈ ਕਰ ਰਹੇ ਹਨ¢ ਇਹ ਗਤੀਵਿਧੀਆਂ ਜੇਲ੍ਹ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਦੀਆਂ ਜਾ ਰਹੀਆਂ ਹਨ¢ ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਡਰੋਨ ਤਕਨੀਕ ਵਿਚ ਹੋ ਰਹੀ ਤੇਜ਼ ਤਰੱਕੀ ਕਾਰਨ ਇਹ ਯੰਤਰ ਹੁਣ ਪਹਿਲਾਂ ਨਾਲੋਂ ਕਾਫ਼ੀ ਵੱਡੇ, ਤੇਜ਼ ਅਤੇ ਭਾਰੀ ਵਜ਼ਨ ਢੋਣ ਯੋਗ ਬਣ ਗਏ ਹਨ ¢ ਕੁਝ ਮਾਡਲਾਂ ਦੀ ਸਮਰਥਾ ਨੂੰ ਦੇਖਦਿਆਂ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅਪਰਾਧੀ ਤੱਤ ਭਵਿੱਖ ਵਿਚ ਕੈਦੀਆਂ ਨੂੰ ਹਵਾਈ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਸਕਦੇ ਹਨ ¢ ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੰਨਿਆ ਹੈ ਕਿ ਮੌਜੂਦਾ ਸੁਰੱਖਿਆ ਪ੍ਰਬੰਧ ਇਸ ਨਵੇਂ ਖਤਰੇ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ¢ ਇਸੇ ਲਈ ਹੁਣ ਐਂਟੀ-ਡਰੋਨ ਤਕਨੀਕ, ਹਵਾਈ ਨਿਗਰਾਨੀ ਪ੍ਰਣਾਲੀ ਅਤੇ ਕਾਨੂੰਨੀ ਸਖ਼ਤੀ ਵਧਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ¢ ਕੁਝ ਜੇਲ੍ਹਾਂ 'ਚ ਡਰੋਨ ਜੈਮਰ ਅਤੇ ਰਡਾਰ ਸਿਸਟਮ ਲਗਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ¢ ਮਾਹਿਰਾਂ ਦਾ ਕਹਿਣਾ ਹੈ ਕਿ ਜੇਲ੍ਹਾਂ ਦੀ ਸੁਰੱਖਿਆ ਸਿਰਫ਼ ਚਾਰਦਿਵਾਰੀ ਤੱਕ ਸੀਮਤ ਨਹੀਂ ਰਹੀ, ਸਗੋਂ ਹੁਣ ਅਸਮਾਨ ਤੋਂ ਆਉਂਦੇ ਖਤਰੇ ਨੂੰ ਵੀ ਧਿਆਨ 'ਚ ਰੱਖਣਾ ਲਾਜ਼ਮੀ ਹੋ ਗਿਆ ਹੈ¢