ਲੈਸਟਰ (ਇੰਗਲੈਂਡ), 28 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਸਰਕਾਰੀ ਸਿਹਤ ਪ੍ਰਣਾਲੀ ਐਨ.ਐਚ.ਐਸ. ਨੂੰ ਉਸ ਵੇਲੇ ਭਾਰੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ, ਜਦੋਂ ਇੱਕ ਹਸਪਤਾਲ ਦੇ ਮੁਰਦਾਘਰ ਵਿਚ ਹੋਈ ਭਾਰੀ ਲਾਪਰਵਾਹੀ ਕਾਰਨ ਗਲਤ ਵਿਅਕਤੀ ਦੀ ਲਾਸ਼ ਦਾ ਸੰਸਕਾਰ ਕਰ ਦਿੱਤਾ ਗਿਆ | ਇਸ ਘਟਨਾ ਤੋਂ ਬਾਅਦ ਐਨ.ਐਚ.ਐਸ. ਪ੍ਰਬੰਧਨ ਵਲੋਂ ਪ੍ਰਭਾਵਿਤ ਪਰਿਵਾਰ ਤੋਂ ਖੁੱਲ੍ਹੇ ਤੌਰ 'ਤੇ ਮੁਆਫ਼ੀ ਮੰਗੀ ਗਈ ਹੈ | ਜਾਣਕਾਰੀ ਮੁਤਾਬਕ ਹਸਪਤਾਲ ਦੀ ਮੋਰਚਰੀ ਵਿਚ ਲਾਸ਼ਾਂ ਦੀ ਪਹਿਚਾਣ ਤੇ ਦਸਤਾਵੇਜ਼ੀ ਕਾਰਵਾਈ ਦੌਰਾਨ ਗੰਭੀਰ ਗਲਤੀ ਹੋ ਗਈ, ਜਿਸ ਕਾਰਨ ਇੱਕ ਪਰਿਵਾਰ ਨੂੰ ਉਸ ਦੇ ਆਪਣੇ ਪਿਆਰੇ ਦੀ ਥਾਂ ਕਿਸੇ ਹੋਰ ਵਿਅਕਤੀ ਦੀ ਲਾਸ਼ ਸੌਂਪ ਦਿੱਤੀ ਗਈ | ਬਾਅਦ ਵਿਚ ਇਸ ਲਾਸ਼ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ | ਕੁਝ ਸਮੇਂ ਬਾਅਦ ਜਦੋਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਇਹ ਭਿਆਨਕ ਗਲਤੀ ਸਾਹਮਣੇ ਆਈ | ਇਸ ਘਟਨਾ ਨੇ ਪ੍ਰਭਾਵਿਤ ਪਰਿਵਾਰ ਨੂੰ ਡੂੰਘਾ ਮਾਨਸਿਕ ਸਦਮਾ ਪਹੁੰਚਾਇਆ ਹੈ | ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਆਪਣੇ ਸੱਜਣ ਦੀ ਮੌਤ ਦੇ ਦੁੱਖ 'ਚ ਸਨ, ਪਰ ਹੁਣ ਇਸ ਗਲਤੀ ਨੇ ਉਨ੍ਹਾਂ ਦੇ ਜ਼ਖ਼ਮ ਹੋਰ ਵੀ ਗਹਿਰੇ ਕਰ ਦਿੱਤੇ ਹਨ | ਐਨ.ਐਚ.ਐਸ. ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਘਟਨਾ ਬਹੁਤ ਹੀ ਦੁੱਖਦਾਇਕ ਅਤੇ ਅਸਵੀਕਾਰਨਯੋਗ ਹੈ |