ਲੈਸਟਰ (ਇੰਗਲੈਂਡ), 28 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਮਾਨਚੈਸਟਰ ਵਿਚ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਂਦੇ ਹੋਏ ਤਿੰਨ ਸਾਲਾ ਮਾਸੂਮ ਬੱਚੀ ਦੀ ਜਾਨ ਲੈਣ ਵਾਲੇ ਦੋਸ਼ੀ ਰਾਵਲ ਰਹਿਮਾਨ ਨੂੰ ਬਿ੍ਟੇਨ ਦੀ ਇਕ ਖ਼ਾਸ ਐਲੀਟ ਪੁਲਿਸ ਟੀਮ ਨੇ ਗਿ੍ਫ਼ਤਾਰ ਕਰ ਲਿਆ ਹੈ | ਇਹ ਗਿ੍ਫ਼ਤਾਰੀ ਉਸ ਵੇਲੇ ਕੀਤੀ ਗਈ ਜਦੋਂ ਦੋਸ਼ੀ ਦੇਸ਼ ਤੋਂ ਭੱਜਣ ਦੀ ਯੋਜਨਾ ਬਣਾ ਰਿਹਾ ਸੀ | ਪੁਲਿਸ ਮੁਤਾਬਕ ਘਟਨਾ ਤੋਂ ਬਾਅਦ ਰਹਿਮਾਨ ਮੈਨਚੈਸਟਰ ਤੋਂ ਭੱਜ ਕੇ ਲੈਂਕਾਸ਼ਾਇਰ ਦੇ ਇੱਕ ਕੈਫੇ ਵਿਚ ਲੁਕ ਕੇ ਬੈਠ ਗਿਆ ਸੀ, ਜਿੱਥੇ ਉਹ ਆਪਣੇ ਮੋਬਾਈਲ ਫ਼ੋਨ ਰਾਹੀਂ ਭੱਜਣ ਦੇ ਰਸਤੇ ਅਤੇ ਯੋਜਨਾਵਾਂ ਬਾਰੇ ਖੋਜ ਕਰ ਰਿਹਾ ਸੀ | ਇਸ ਦੌਰਾਨ ਪੁਲਿਸ ਦੀ ਵਿਸ਼ੇਸ਼ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਘੇਰ ਲਿਆ | ਗਿ੍ਫ਼ਤਾਰੀ ਦੇ ਦਿ੍ਸ਼ ਕਾਫ਼ੀ ਤਣਾਅਪੂਰਨ ਸਨ, ਜਿਸ ਦੌਰਾਨ ਪੁਲਿਸ ਨੇ ਬਿਨਾਂ ਕਿਸੇ ਦੇਰੀ ਦੇ ਰਹਿਮਾਨ ਨੂੰ ਕਾਬੂ ਵਿਚ ਕਰ ਲਿਆ |