ਯਮੁਨਾਨਗਰ, 1 ਸਤੰਬਰ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਵਲੋਂ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਵੱਖ-ਵੱਖ ਮੁਕਾਬਲੇ ਕਰਵਾਏ ਗਈ, ਜਿਨ੍ਹਾਂ 'ਚ ਪਿੱਛਾ ਕਰਨਾ, ਰੱਸੀ ਛਾਲ ਅਤੇ ਯੋਗਾ ਆਦਿ ਦੇ ਮੁਕਾਬਲੇ ਸ਼ਾਮਿਲ ਸਨ | ਕਾਲਜ ਦੀ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ ਅਤੇ ਖੇਡ ਵਿਭਾਗ ਇੰਚਾਰਜ ਡਾ. ਰੰਜਨਾ ਕੰਬੋਜ ਨੇ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਸਭ ਤੋਂ ਪਹਿਲਾਂ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ ਜਿਸ 'ਚ ਆਯੁਰਵੈਦਿਕ ਡਾ. ਅਭਿਮਨਿਊ ਭਾਰਗਵ ਨੇ ਵਿਦਿਆਰਥਣਾਂ ਨੂੰ ਇਕ ਖਿਡਾਰੀ ਦੀ ਖੁਰਾਕ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਸਾਰੀਆਂ ਵਿਦਿਆਰਥਣਾਂ ਨੂੰ ਖੇਡਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ 'ਚ ਸ਼ਾਮਿਲ ਕਰਨ ਦੀ ਸਹੁੰ ਵੀ ਚੁਕਾਈ | ਉਨ੍ਹਾਂ ਜ਼ਿੰਦਗੀ ਜਿਊਣ ਦੇ ਸਿਧਾਂਤਾਂ 'ਤੇ ਚਾਨਣਾ ਪਾਉਂਦਿਆਂ ਵਿਦਿਆਰਥਣਾਂ ਨੂੰ ਰੋਜ਼ਾਨਾ ਸਵੈ-ਅਧਿਐਨ, ਐਰੋਬਿਕਸ ਤੇ ਯੋਗਾ ਕਰਨ ਦਾ ਸੱਦਾ ਦਿੱਤਾ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਵਿਦਿਆਰਥਣ ਨੂੰ ਕੋਈ ਨਾ ਕੋਈ ਖੇਡ ਖੇਡਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਭੋਜਨ 'ਚ ਕਾਰਬੋਹਾਈਡਰੇਟ, ਵਿਟਾਮਿਨ, ਚਰਬੀ ਤੇ ਖਣਿਜ ਦੀ ਮਾਤਰਾ ਸਹੀ ਨਹੀਂ ਹੋਵੇਗੀ ਤਾਂ ਸਰੀਰ 'ਚ ਖੂਨ, ਮਾਸ, ਚਰਬੀ, ਹੱਡੀਆਂ ਤੇ ਮੈਰੋ ਵੀ ਸਹੀ ਤਰੀਕੇ ਨਾਲ ਨਹੀਂ ਬਣਨਗੇ | ਉਨ੍ਹਾਂ ਅੰਤੜੀਆਂ ਦੀ ਸਿਹਤ ਅਤੇ ਉਨ੍ਹਾਂ ਦੀ ਕਾਰਜ-ਪ੍ਰਣਾਲੀ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਦਹੀਂ, ਕੇਲਾ ਅਤੇ ਇਸਬਗੋਲ ਦਾ ਸੇਵਨ ਅੰਤੜੀਆਂ ਦੀ ਸਿਹਤ 'ਚ ਸੁਧਾਰ ਕਰਦਾ ਹੈ | ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਦੌਰਾਨ ਰੱਸੀ ਛਾਲ 'ਚ ਬੀ. ਏ. ਦੇ ਫਾਈਨਲ ਸਾਲ ਦੀ ਅਨੁਰਾਧਾ ਤੇ ਬੀ. ਏ. ਪਹਿਲੇ ਸਾਲ ਦੀ ਪਿ੍ੰਆਂਕ ਨੇ ਸਾਂਝੇ ਤੌਰ 'ਤੇ ਪਹਿਲਾ ਅਤੇ ਬੀ. ਏ. ਸਾਈਕੋਲੋਜੀ ਆਨਰਜ਼ ਦੇ ਫਾਈਨਲ ਸਾਲ ਦੀ ਮਨੀਸ਼ਾ ਨੇ ਦੂਜਾ ਇਨਾਮ ਪ੍ਰਾਪਤ ਕੀਤਾ | ਇਸੇ ਤਰ੍ਹਾਂ ਸ਼ਤਰੰਜ ਦੇ ਮੁਕਾਬਲੇ 'ਚ ਬੀ. ਏ. ਸਾਈਕੋਲੋਜੀ ਆਨਰਜ਼ ਦੇ ਦੂਜੇ ਸਾਲ ਦੀ ਸ਼ਾਇਨਾ ਨੇ ਪਹਿਲਾ ਅਤੇ ਬੀ. ਏ. ਸਾਈਕੋਲੋਜੀ ਆਨਰਜ਼ ਦੇ ਫਾਈਨਲ ਸਾਲ ਦੀ ਗੁਰਲੀਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਯੋਗ ਮੁਕਾਬਲੇ 'ਚ ਬੀ. ਕਾਮ. ਪਹਿਲੇ ਸਾਲ ਦੀ ਤੁਲਸੀ ਨੇ ਪਹਿਲਾ, ਐਮ. ਏ. ਯੋਗਾ ਦੇ ਫਾਈਨਲ ਸਾਲ ਦੀ ਚੈਲਸੀ ਤੇ ਅਵਲੀਨ ਨੇ ਸਾਂਝੇ ਤੌਰ 'ਤੇ ਦੂਜਾ ਅਤੇ ਵੈਸ਼ਾਲੀ ਤੇ ਮੀਨੂ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਆਰਜੂ ਨੂੰ ਹੌਸਲਾ ਅਫ਼ਜਾਹੀ ਇਨਾਮ ਦਿੱਤਾ ਗਿਆ | ਪ੍ਰੋਗਰਾਮ ਨੂੰ ਸਫ਼ਲ ਬਣਾਉਣ 'ਚ ਡਾ. ਸਮਿ੍ਤੀ, ਨੀਲਮ ਕੰਬੋਜ, ਨੈਨਾ, ਗੁਰਮੀਤ, ਦਿਵਿਆ, ਡਾ. ਅਮਨਪ੍ਰੀਤ, ਡਾ. ਸੁਮਨ ਅਤੇ ਪਿ੍ਆ ਨੇ ਭਰਪੂਰ ਸਹਿਯੋਗ ਦਿੱਤਾ |