ਸਿਰਸਾ, 26 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਸਿਵਲ ਲਾਈਨਜ਼ ਥਾਣਾ ਪੁਲਿਸ ਦੀ ਟੀਮ ਨੇ ਨਕਲੀ ਪੁਲਿਸ ਸਬ ਇੰਸਪੈਕਟਰ ਤੇ ਏ.ਐਸ.ਆਈ. ਸਮੇਤ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ | ਫੜੇ ਗਏ ਵਿਅਕਤੀਆਂ ਤੋਂ ਪੁਲਿਸ ਦੀਆਂ ਵਰਦੀਆਂ ਤੇ ਨਕਲੀ ਵਾਹਨ ਨੰਬਰ ਪਲੇਟ ਵੀ ਬਰਾਮਦ ਕੀਤੀ ਗਈ ਹੈ | ਸਿਵਲ ਲਾਈਨਜ਼ ਥਾਣਾ ਪੁਲਿਸ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮਹਿਲਾ ਸਬ-ਇੰਸਪੈਕਟਰ ਪ੍ਰਵੀਨ ਕੁਮਾਰੀ ਆਪਣੀ ਟੀਮ ਦੇ ਨਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਨੇੜੇ ਗਸ਼ਤ ਤੇ ਚੈਕਿੰਗ ਡਿਊਟੀ 'ਤੇ ਸੀ ਤਾਂ ਇਸੇ ਦੌਰਾਨ ਆਉਂਦੀ ਇਕ ਚਿੱਟੇ ਰੰਗ ਦੀ ਜੀਪ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਡਰਾਈਵਰ ਨੇ ਰੁਕਣ ਦੀ ਬਜਾਏ ਜੀਪ ਨੂੰ ਵਾਪਿਸ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਦੇ ਜਵਾਨਾਂ ਨੇ ਜੀਪ ਨੂੰ ਘੇਰ ਕੇ ਰੋਕ ਲਿਆ | ਜਦੋਂ ਉਨ੍ਹਾਂ ਨੂੰ ਭੱਜਣ ਦਾ ਕਾਰਨ ਪੁਛਿਆ ਗਿਆ ਤਾਂ ਉਹ ਪੁਲੀਸ ਨੂੰ ਕੋਈ ਸੰਤੋਸ਼ਜਨਕ ਉੱਤਰ ਨਾ ਦੇ ਸਕੇ | ਜਦੋਂ ਜੀਪ ਦੀ ਤਲਾਸ਼ੀ ਲਈ ਗਈ ਤਾਂ ਜੀਪ 'ਚੋਂ ਸਬ ਇੰਸਪੈਕਟਰ ਤੇ ਏ.ਐਸ.ਆਈ. ਦੀਆਂ ਵਰਦੀਆਂ ਮਿਲੀਆਂ | ਜੀਪ ਦੇ ਨੰਬਰ ਦੀ ਜਾਂਚ ਕੀਤੀ ਗਈ ਤਾਂ ਉਹ ਫਰਜ਼ੀ ਮਿਲਿਆ | ਜੀਪ 'ਚ ਸਵਾਰ ਤਿੰਨਾਂ ਜਣਿਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਡਰਾਈਵਰ ਨੇ ਆਪਣਾ ਨਾਂਅ ਸੁਮੇਰ ਪੁੱਤਰ ਗੋਪੀ ਚੰਦ ਵਾਸੀ ਧਾਬੀ ਟੇਕ ਜ਼ਿਲ੍ਹਾ ਜੀਂਦ ਦੱਸਿਆ | ਇਸ ਤਰਾਂ ਦੂਜੇ ਦੀ ਪਛਾਣ ਸੰਦੀਪ ਪੁੱਤਰ ਦੇਵਾ ਸਿੰਘ ਵਾਸੀ ਧਾਬੀ ਟੇਕ ਤੇ ਨਰੇਸ਼ ਕੁਮਾਰ ਪੁੱਤਰ ਸ਼ੀਪਪਾਲ ਵਾਸੀ ਜੰਡਾਲੀ ਖੁਰਦ ਫਤਿਹਾਬਾਦ ਵਜੋਂ ਹੋਈ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲਿਸ ਨੇ ਮੌਕੇ 'ਤੇ ਜਾਅਲੀ ਲਾਈਸੈਂਸ, ਵਾਹਨ ਨੰਬਰ ਪਲੇਟ ਤੇ ਪੁਲਿਸ ਦੀਆਂ ਵਰਦੀਆਂ ਜ਼ਬਤ ਕਰ ਲਈਆਂ ਹਨ | ਤਿੰਨਾਂ ਮੁਲਜ਼ਮਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ |