ਨਵੀਂ ਦਿੱਲੀ, 26 ਸਤੰਬਰ (ਜਗਤਾਰ ਸਿੰਘ)- ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਵਿਚ ਪੰਜਾਬੀ ਜਮਾਤ ਦੇ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਪੰਜਾਬੀ ਦੀ ਕਿਤਾਬ 'ਅਦਵੈ' ਨਾਲ ਜੁੜੇ ਇਤਰਾਜ਼ਯੋਗ ਵਿਵਾਦ ਨੂੰ ਲੈ ਕੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਗੁਰਦੁਆਰਾ ਕਮੇਟੀ ਪ੍ਰਬੰਧਕਾਂ 'ਤੇ ਤਿੱਖੇ ਹਮਲੇ ਕੀਤੇ | ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਜੀ.ਕੇ. ਨੇ ਦੱਸਿਆ ਕਿ ਇਸ ਕਿਤਾਬ ਦੇ ਇੱਕ ਚੈਪਟਰ 'ਹੇਮਕੁੰਟ ਸਾਹਿਬ ਦੀ ਯਾਤਰਾ' ਵਿਚ ਲਿਖੇ 'ਮਹਾਂਕਾਲ' ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ ਪਰ ਜਦੋਂ ਇਸ ਚੈਪਟਰ ਦੀ ਡੁੰਘਾਈ 'ਚ ਜਾ ਕੇ ਘੋਖ ਕੀਤੀ ਗਈ ਤਾਂ ਅਜਿਹਾ ਮਹਿਸੂਸ ਹੋਇਆ ਕਿ ਕਿਸੀ ਖ਼ਾਸ ਏਜੰਡੇ ਤਹਿਤ ਸਿੱਖਾਂ ਦੀ ਵੱਖਰੀ ਪਛਾਣ ਨੂੰ ਸੱਟ ਮਾਰਨ ਤੇ ਸਿੱਖ ਬੱਚਿਆਂ ਨੂੰ ਸਨਾਤਨ ਵੱਲ ਲੈ ਕੇ ਜਾਣ ਦੀ ਸਾਜਿਸ਼ ਕੀਤੀ ਜਾ ਰਹੀ ਹੈ¢ ਜੀ.ਕੇ. ਨੇ ਕਮੇਟੀ ਪ੍ਰਬੰਧਕਾਂ ਨੂੰ ਪੁੱਛਿਆ ਕਿ ਆਿਖ਼ਰ ਆਪਣੇ ਸਿਆਸੀ ਸਵਾਰਥਾਂ ਪਿੱਛੇ ਸਿੱਖੀ ਨੂੰ ਗਹਿਣੇ ਕਿਉਂ ਪਾ ਰਹੇ ਹੋ? ਜੀ.ਕੇ. ਨੇ ਮੀਡੀਆ ਨੂੰ 'ਅਦਵੈ' ਕਿਤਾਬ ਵਿਖਾਉਂਦੇ ਹੋਏ ਦੱਸਿਆ ਕਿ ਹੇਮਕੁੰਟ ਬਾਰੇ ਚੈਪਟਰ ਵਿਚ ਲਿਖਿਆ ਹੋਇਆ ਹੈ ਕਿ 'ਦਸਮ ਗ੍ਰੰਥ ਵਿਚ ਕਿਹਾ ਗਿਆ ਹੈ ਕਿ ਜਦੋਂ ਪਾਂਡਵ ਹੇਮਕੁੰਟ ਪਰਬਤ ਵਿਖੇ ਡੂੰਘੀ ਸਮਾਧੀ ਵਿਚ ਸੀ ਤਾਂ ਪਰਮਾਤਮਾ ਨੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਰੂਪ ਵਿਚ ਜਨਮ ਲੈਣ ਦਾ ਹੁਕਮ ਦਿੱਤਾ', ਜੀ.ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਪ੍ਰਬੰਧਕ ਜਨਤਕ ਤੌਰ 'ਤੇ ਸਪਸ਼ਟੀਕਰਨ ਦੇਣ ਕਿ ਅਜਿਹਾ ਕਿਸ ਦੇ ਇਸ਼ਾਰੇ 'ਤੇ ਕੀਤਾ ਗਿਆ? ਜੀ.ਕੇ. ਨੇ ਕਿਹਾ ਕਿ ਸਿੱਖ ਸਾਰਿਆਂ ਧਰਮਾਂ ਦਾ ਸਤਿਕਾਰ ਕਰਦਾ ਹੈ, ਸਾਡੀ ਵੱਖਰੀ ਪਛਾਣ ਹੈ ਜਿਸ ਨੂੰ ਇਸ ਕਿਤਾਬ ਰਾਹੀਂ ਸੱਟ ਮਾਰਨ ਦੀ ਸਾਜਿਸ਼ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਕਿਤਾਬ 'ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ ਤੇ ਨਾਲ ਹੀ ਇਹ ਜਾਂਚ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਨੂੰ ਸਿਲੇਬਸ 'ਚ ਸ਼ਾਮਲ ਕਰਾਉਣ ਵਿਚ ਕੌਣ-ਕੌਣ ਸ਼ਾਮਿਲ ਹਨ?
'ਅਦਵੈ' ਕਿਤਾਬ ਦੇ ਵਿਵਾਦ ਨੂੰ ਲੈ ਕੇ ਜੀ. ਕੇ. ਨੇ ਦਿੱਲੀ ਕਮੇਟੀ ਪ੍ਰਬੰਧਕਾਂ ਕੋਲੋਂ ਮੰਗਿਆ ਜਵਾਬ
ਪ੍ਰੈੱਸ ਕਾਨਫ਼ਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਜੀ.ਕੇ., ਪਰਮਜੀਤ ਸਿੰਘ ਰਾਣਾ, ਡਾ. ਪਰਮਿੰਦਰਪਾਲ ਸਿੰਘ, ਸਤਨਾਮ ਸਿੰਘ, ਮੰਗਲ ਸਿੰਘ ਤੇ ਹੋਰ | ਤਸਵੀਰਾਂ: ਸ਼ਿਆਮ ਸੁੰਦਰ<br/>
27-09-2025