ਯਮੁਨਾਨਗਰ, 26 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਦੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਤੇ ਕਾਮਰਸ ਵਿਭਾਗ ਨੇ ਸਾਂਝੇ ਤੌਰ 'ਤੇ ਸਟਾਰਟਅੱਪਸ ਤੇ ਇਨੋਵੇਸ਼ਨ ਲਈ ਸੰਚਾਰ ਹੁਨਰਾਂ ਵਿਚ ਮੁਹਾਰਤ ਹਾਸਲ ਕਰਨ 'ਤੇ ਇਕ ਐਕਸਟੈਨਸ਼ਨ ਲੈਕਚਰ ਕਰਵਾਇਆ | ਪ੍ਰੋਗਰਾਮ ਦੀ ਪ੍ਰਧਾਨਗੀ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ, ਆਈ.ਸੀ.ਸੀ. ਕਨਵੀਨਰ ਵਿਵੇਕ ਤੇ ਕਾਮਰਸ ਵਿਭਾਗ ਦੀ ਚੇਅਰਪਰਸਨ ਡਾ. ਮੀਨਾਕਸ਼ੀ ਸੈਣੀ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਮੁੱਖ ਬੁਲਾਰੇ ਵਜੋਂ ਹਿਟਬੁਲਸੇਅ ਮੈਨੇਜਰ ਗਜ਼ਲ ਨੇ ਕਿਹਾ ਕਿ ਨਵੀਂ ਆਰਥਿਕਤਾ ਦੇ ਇਸ ਯੁੱਗ ਵਿਚ ਸਟਾਰਟਅੱਪ ਅਤੇ ਨਵੀਨਤਾ ਵਿਕਾਸ ਤੇ ਤਰੱਕੀ ਦੇ ਸਭ ਤੋਂ ਵੱਡੇ ਥੰਮ੍ਹ ਬਣ ਗਏ ਹਨ | ਅੱਜ ਦੇ ਨੌਜਵਾਨ ਰਵਾਇਤੀ ਨੌਕਰੀਆਂ ਦੀ ਬਜਾਏ ਉੱਦਮਤਾ ਅਪਣਾ ਰਹੇ ਹਨ ਅਤੇ ਨਵੇਂ ਉਤਪਾਦ, ਸੇਵਾਵਾਂ ਤੇ ਤਕਨਾਲੋਜੀਆਂ ਵਿਕਸਤ ਕਰ ਰਹੇ ਹਨ ਪਰ ਸਿਰਫ਼ ਇਕ ਚੰਗਾ ਵਿਚਾਰ ਸਫਲਤਾ ਦੀ ਗਰੰਟੀ ਨਹੀਂ ਦਿੰਦਾ | ਸੰਚਾਰ ਹੁਨਰ ਕਿਸੇ ਵੀ ਸਟਾਰਟਅੱਪ ਨੂੰ ਵੱਡੀਆਂ ਉਚਾਈਆਂ 'ਤੇ ਲੈ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਸਟਾਰਟਅੱਪ ਦੀ ਦੁਨੀਆ ਵਿਚ ਵਿਚਾਰਾਂ ਦੀ ਕੋਈ ਕਮੀ ਨਹੀਂ ਹੈ | ਲੱਖਾਂ ਲੋਕ ਹਰ ਰੋਜ਼ ਨਵੇਂ ਵਿਚਾਰਾਂ ਬਾਰੇ ਸੋਚਦੇ ਹਨ ਪਰ ਕੁਝ ਕੁ ਹੀ ਸਫਲਤਾ ਪ੍ਰਾਪਤ ਕਰਦੇ ਹਨ | ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜ਼ਿਆਦਾਤਰ ਉੱਦਮੀ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ ਵਿਚ ਅਸਫਲ ਰਹਿੰਦੇ ਹਨ | ਇਸ ਮੌਕੇ ਉਨ੍ਹਾਂ ਨੇ ਪਿੱਚ ਪਰਫੈਕਟ ਦੀ ਵਿਆਖਿਆ ਕੀਤੀ ਜਿਸ ਵਿਚ ਇਕ ਉੱਦਮੀ ਆਪਣੇ ਵਿਚਾਰ, ਮਾਡਲ, ਲਾਭ ਤੇ ਦਿ੍ਸ਼ਟੀਕੋਣ ਨੂੰ ਤਿੰਨ ਤੋਂ ਪੰਜ ਮਿੰਟਾਂ ਵਿਚ ਸਮਝਾਉਂਦਾ ਹੈ | ਇਸ ਨੂੰ 'ਐਲੀਵੇਟਰ ਪਿੱਚ' ਵਜੋਂ ਵੀ ਜਾਣਿਆ ਜਾਂਦਾ ਹੈ | ਇਸ ਮੌਕੇ ਹਿੱਟ ਬੁੱਲਸੀ ਦੀ ਬ੍ਰਾਂਚ ਹੈੱਡ ਗਿੰਨੀ ਬਖਸ਼ੀ, ਮੈਨੇਜਰ ਆਰੂਸ਼ੀ ਨੇਗੀ ਤੇ ਸੀਨੀਅਰ ਮਾਹਿਰ ਸੁਮਿਤ ਪਾਹਵਾ ਮੌਜੂਦ ਸਨ | ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਪੂਜਾ ਸਿੰਧਵਾਨੀ, ਜੋਤੀ, ਨੀਲਮ, ਮਮਤਾ ਥਾਪਰ, ਮਨਿਕਾ ਸੇਠੀ, ਹਰਸ਼ ਸ਼ਰਮਾ, ਨੇਹਾ ਠਾਕੁਰ ਤੇ ਪਰਮੇਸ਼ ਕੁਮਾਰ ਨੇ ਸਮਾਗਮ 'ਚ ਯੋਗਦਾਨ ਪਾਇਆ |