ਨਵੀਂ ਦਿੱਲੀ, 27 ਸਤੰਬਰ (ਮਿਸਰਦੀਪ ਭਾਟੀਆ)-ਸੁਪਰੀਮ ਕੋਰਟ ਦੀ ਸਖ਼ਤ ਪਾਬੰਦੀ ਦੇ ਬਾਵਜੂਦ ਤਿਉਹਾਰਾਂ ਦੀ ਆੜ ਹੇਠ ਦਿੱਲੀ ਵਿਚ ਗੈਰ-ਕਾਨੂੰਨੀ ਪਟਾਕਿਆਂ ਦਾ ਵਪਾਰ ਜ਼ੋਰਾਂ 'ਤੇ ਹੈ ਪਰ ਪੁਲਿਸ ਦੀ ਚੌਕਸੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਕਾਨੂੰਨ ਦੀ ਨਜ਼ਰ ਤੋਂ ਬਚ ਨਹੀਂ ਸਕਦਾ | ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਵਿਚ ਇਕ ਸਾਧਾਰਨ ਦਿਖਣ ਵਾਲੇ ਘਰ ਨੂੰ ਪਟਾਕਿਆਂ ਦਾ ਗੁਦਾਮ ਬਣਾਇਆ ਗਿਆ ਸੀ ਜਿੱਥੋਂ ਪੁਲਿਸ ਨੇ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਜ਼ਬਤ ਕੀਤੀ | ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜੌਰੀ ਗਾਰਡਨ ਦੇ ਇਕ ਰਿਹਾਇਸ਼ੀ ਘਰ ਵਿਚ ਵੱਡੀ ਮਾਤਰਾ ਵਿਚ ਨਾਜਾਇਜ਼ ਪਟਾਕੇ ਸਟੋਰ ਕੀਤੇ ਜਾ ਰਹੇ ਹਨ | ਛਾਪੇਮਾਰੀ ਦੌਰਾਨ ਟੀਮ ਨੂੰ ਘਰ ਦੇ ਅੰਦਰ ਪਟਾਕਿਆਂ ਦੀ ਰੀਪੈਕਿੰਗ ਦਾ ਪੱਤਾ ਲੱਗਿਆ | ਕੁੱਲ 3580.4 ਕਿਲੋਗ੍ਰਾਮ ਪਟਾਕੇ ਬਰਾਮਦ ਹੋਏ ਜੋ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਵੱਡੀ ਤਬਾਹੀ ਦਾ ਕਾਰਨ ਬਣ ਸਕਦੇ ਸਨ | ਇਹ ਪਟਾਕੇ ਮੇਰਠ, ਗੁਰੂਗ੍ਰਾਮ ਅਤੇ ਗਾਜ਼ੀਆਬਾਦ ਵਰਗੇ ਗੁਆਂਢੀ ਇਲਾਕਿਆਂ ਤੋਂ ਲਿਆਂਦੇ ਗਏ ਸਨ, ਜਿਥੇ ਇਨ੍ਹਾਂ ਨੂੰ ਦਿੱਲੀ ਵਿਚ ਉੱਚ ਮੁਨਾਫ਼ੇ 'ਤੇ ਵੇਚਣ ਦੀ ਯੋਜਨਾ ਬਣਾਈ ਗਈ ਸੀ | ਇਸ ਕਾਰਵਾਈ ਵਿਚ ਇਕ ਪਰਿਵਾਰ ਸਿੱਧੇ ਤੌਰ 'ਤੇ ਸ਼ਾਮਿਲ ਪਾਇਆ ਗਿਆ | ਘਰ ਦੇ ਮਾਲਕ ਸੁਸ਼ੀਲ ਕੱਕੜ, ਉਸ ਦੀ ਪਤਨੀ ਉਪਾਸਨਾ ਕੱਕੜ ਅਤੇ ਬੇਟਾ ਸ਼ਿਵਮ ਕੱਕੜ ਨੂੰ ਮੌਕੇ 'ਤੇ ਹੀ ਗਿ੍ਫ਼ਤਾਰ ਕਰ ਲਿਆ ਗਿਆ | ਉਹ ਪਟਾਕਿਆਂ ਨੂੰ ਛੋਟੇ-ਛੋਟੇ ਪੈਕੇਟਾਂ ਵਿਚ ਦੁਬਾਰਾ ਪੈਕ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਸਪਲਾਈ ਕਰਨ ਦੀ ਤਿਆਰੀ ਕਰ ਰਹੇ ਸਨ | ਪੁਲਿਸ ਦਾ ਕਹਿਣਾ ਹੈ ਕਿ ਇਹ ਪਰਿਵਾਰ ਲੰਬੇ ਸਮੇਂ ਤੋਂ ਇਸ ਧੰਦੇ ਵਿਚ ਲੱਗਿਆ ਹੋਇਆ ਸੀ | ਗਿ੍ਫ਼ਤਾਰੀ ਤੋਂ ਬਾਅਦ ਤਿੰਨਾਂ ਤੋਂ ਪੁੱਛਗਿੱਛ ਜਾਰੀ ਹੈ, ਜਿਸ ਨਾਲ ਹੋਰ ਵੀ ਵੱਡੇ ਨੈੱਟਵਰਕ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ | ਇਸ ਕਾਰਵਾਈ ਬਾਰੇ ਦੱਸਦੇ ਹੋਏ ਪੱਛਮੀ ਦਿੱਲੀ ਦੇ ਡੀ.ਸੀ.ਪੀ. ਦਾਰਡੇ ਸ਼ਰਦ ਭਾਸਕਰ ਨੇ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਦੇ ਆਉਣ ਦੇ ਨਾਲ ਹੀ ਵਿਸ਼ੇਸ਼ ਸੁਰੱਖਿਆ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ |