ਡੱਬਵਾਲੀ, 28 ਸਤੰਬਰ (ਇਕਬਾਲ ਸਿੰਘ ਸ਼ਾਂਤ)- ਸਿਰਸਾ ਲੋਕਸਭਾ ਦੀ ਸੰਸਦ ਮੈਂਬਰ ਕੁਮਾਰੀ ਸੈਲਜਾ ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਦੇ ਜਖਮਾਂ 'ਤੇ ਨਮਕ ਛਿੜਕ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਨਹਿਰਾਂ ਦਾ ਪਾਣੀ ਟੇਲ 'ਤੇ ਪੁੱਜਣ ਦੇ ਸਰਕਾਰੀ ਦਾਅਵੇ ਝੂਠੇ ਹਨ | ਚੌਟਾਲਾ ਮਾਈਨਰ ਦੇ ਟੇਲ ਤੱਕ ਪਾਣੀ ਨਾ ਪੁੱਜਣ ਕਰਕੇ ਕਿਸਾਨ ਦਸ ਦਿਨਾਂ ਤੋਂ ਧਰਨਾ ਦੇ ਰਹੇ ਹਨ | ਸੰਸਦ ਮੈਂਬਰ ਨੇ ਕਿਹਾ ਕਿ ਕਿਸਾਨਾਂ ਨੇ ਦਸ ਮੁੱਖ ਮੰਗਾਂ ਰੱਖੀਆਂ ਹਨ, ਜਿਨ੍ਹਾਂ ਵਿੱਚ ਟੇਲ ਖੇਤਰ ਵਿੰਚ ਸਥਾਈ ਸਿੰਚਾਈ ਅਤੇ ਪੀਣ ਦੇ ਪਾਣੀ ਦੀ ਪ੍ਰਬੰਧ, ਐਫ.ਐਸ.ਡੀ. ਸਿਸਟਮ ਦੀ ਬਹਾਲੀ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਵਿਸੇਸ ਮੁਆਵਜਾ ਦਿੱਤੇ ਜਾਣਾ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਵਿਭਾਗੀ ਕਰਮਚਾਰੀਆਂ ਨੇ ਵਾਟਰ ਬਾਕਸ 'ਤੇ ਮੋਘੇ ਬੰਦ ਕੇ ਪਾਣੀ ਰੋਕਿਆ | ਅਧਿਕਾਰੀਆਂ ਦੀ ਮੌਜੂਦਗੀ ਵਿੱਚ ਚਾਰ ਹਿੱਸੇ ਪਾਣੀ ਦਰਸਾਇਆ ਜਾਂਦਾ, ਪਰ ਉਨ੍ਹਾਂ ਦੇ ਜਾਣ ਉਪਰੰਤ ਪਾਣੀ ਅੱਧਾ ਹੀ ਰਹਿ ਗਿਆ | ਕੁਮਾਰੀ ਸੈਲਜਾ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਛੇਤੀ ਹੱਲ ਨਾ ਕੀਤਾ ਤਾਂ ਕਾਂਗਰਸ ਕਿਸਾਨਾਂ ਨਾਲ ਮਿਲ ਕੇ ਅੰਦੋਲਨ ਨੂੰ ਤੇਜ ਕਰੇਗੀ |