ਕਰਨਾਲ, 1 ਨਵੰਬਰ (ਗੁਰਮੀਤ ਸਿੰਘ ਸੱਗੂ)-ਨਗਰ ਨਿਗਮ ਕਰਨਾਲ ਵਲੋਂ ਅੱਜ ਕਰੋੜਾਂ ਰੁ. ਦੇ ਵਿਕਾਸ ਕਾਰਜਾਂ ਦੀ ਸੌਗਾਤ ਜਨਤਾ ਨੂੰ ਦਿੱਤੀ ਗਈ | ਇਸ ਮੌਕੇ ਕਰਨਾਲ ਦੇ ਵਿਧਾਇਕ ਜਗਮੋਹਨ ਆਨੰਦ, ਮੇਅਰ ਰੇਣੂ ਬਾਲਾ ਗੁਪਤਾ ਅਤੇ ਸੰਬੰਧਤ ਵਾਰਡਾਂ ਦੇ ਕੌਂਸਲਰਾਂ ਨੇ ਕਈ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ ਅਤੇ ਨਾਲ ਹੀ ਜਿਹੜੇ ਵਿਕਾਸ ਕਾਰਜ ਪੂਰੇ ਹੋ ਗਏ ਸਨ, ਜਨਤਾ ਨੂੰ ਸਮਰਪਿਤ ਕੀਤਾ ਗਿਆ | ਜਾਣਕਾਰੀ ਮੁਤਾਬਕ ਨਗਰ ਨਿਗਮ ਕਰਨਾਲ ਵਲੋਂ ਦਿਵਿਆ ਨਗਰ ਯੋਜਨਾ ਤਹਿਤ ਵਾਰਡ ਨੰਬਰ 11 ਅਤੇ 12 'ਚ ਰੋਡ ਸਟ੍ਰੈਚ ਦੇ ਵਿਕਾਸ ਅਤੇ ਸੁੰਦਰੀਕਰਨ ਦੇ ਕਾਰਜ ਦੀ ਸ਼ੁਰੂਆਤ ਕੀਤੀ ਗਈ | ਇਸ ਤੋਂ ਬਾਅਦ ਵਾਰਡ ਨੰਬਰ 19 'ਚ ਰਾਮ ਨਗਰ ਪੁਲਿਸ ਥਾਣੇ ਤੋਂ ਕੈਥਲ ਓਵਰ ਬਿ੍ਜ ਤੱਕ ਆਰ. ਸੀ. ਸੀ. ਨਾਲੇ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਹੋਈ, ਜਦਕਿ ਵਾਰਡ ਨੰਬਰ 18 'ਚ ਪ੍ਰੇਮ ਨਗਰ ਵਿਖੇ ਸਾਮੂਹਿਕ ਕੇਂਦਰ 'ਚ ਡਿਜੀਟਲ ਲਾਇਬ੍ਰੇਰੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ | ਇਸ ਤੋਂ ਇਲਾਵਾ ਭਾਟ ਕਾਲੋਨੀ ਵਿਖੇ ਭਾਟ ਧਰਮਸ਼ਾਲਾ 'ਚ ਪਹਿਲੀ ਮੰਜ਼ਿਲ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਤੋਂ ਬਾਅਦ ਵਾਰਡ ਨੰਬਰ 17 'ਚ ਵੈਸ਼ਨੂੰ ਮਾਤਾ ਮੰਦਰ ਚੌਕ ਨੇੜੇ ਗੜ੍ਹਵਾਲ ਸਮਾਜ ਧਰਮਸ਼ਾਲਾ ਦਾ ਕੰਮ ਪੂਰਨ ਹੋਣ 'ਤੇ ਸ਼ੁਭ ਆਗਾਜ਼ ਕੀਤਾ ਗਿਆ, ਜਦਕਿ ਵਾਰਡ ਨੰਬਰ 16 'ਚ ਹਕੀਕਤ ਨਗਰ 'ਚ ਸਰਵਜਾਤੀ ਧਰਮਸ਼ਾਲਾ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ ਅਤੇ ਆਨੰਦ ਵਿਹਾਰ 'ਚ ਗਲੀ ਨੰਬਰ 1 ਤੋਂ 4 ਤੱਕ ਮਜ਼ਬੂਤੀਕਰਨ ਅਤੇ ਸਟਾਰਮ ਵਾਟਰ ਲਾਈਨ ਵਿਛਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਵਿਧਾਇਕ ਜਗਮੋਹਨ ਆਨੰਦ ਨੇ ਕਿਹਾ ਕਿ ਅੱਜ ਲਗਭਗ 10 ਕਰੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਵਿਕਾਸ ਦੇ ਪੱਥ 'ਤੇ ਅੱਗੇ ਵਧ ਰਿਹਾ ਹੈ | ਸਾਰੇ ਕਾਰਜ ਪਾਰਦਰਸ਼ਤਾ ਨਾਲ ਜਨ ਹਿੱਤ 'ਚ ਕੀਤੇ ਜਾ ਰਹੇ ਹਨ | ਕਰਨਾਲ ਸ਼ਹਿਰ 'ਚ ਲਗਾਤਾਰ ਗੁਣਵੱਤਾਪੂਰਨ ਵਿਕਾਸ ਕਾਰਜ ਹੋ ਰਹੇ ਹਨ | ਮੇਅਰ ਰੇਣੂ ਬਾਲਾ ਗੁਪਤਾ ਨੇ ਕਿਹਾ ਕਿ ਨੌਜਵਾਨਾਂ ਨੂੰ ਵਧੀਆ ਅਤੇ ਡਿਜੀਟਲ ਸਿੱਖਿਆ ਦੇਣ ਲਈ ਪ੍ਰਦੇਸ਼ ਭਰ 'ਚ ਲਾਇਬ੍ਰੇਰੀਆਂ ਖੋਲ੍ਹੀਆਂ ਜਾ ਰਹੀਆਂ ਹਨ | ਇਹ ਆਧੁਨਿਕ ਪਹਿਲ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਗਿਆਨ, ਸਿੱਖਿਆ ਅਤੇ ਤਕਨੀਕੀ ਸਰੋਤਾਂ ਤੱਕ ਪਹੁੰਚ ਦਾ ਨਵਾਂ ਦਰਵਾਜ਼ਾ ਖੋਲੇਗੀ | ਡਿਜੀਟਲ ਪੁਸਤਕਾਲਾ ਨਾ ਸਿਰਫ ਪੜ੍ਹਾਈ ਦਾ ਸਾਧਨ ਹੋਵੇਗਾ, ਬਲਕਿ ਇਹ ਖੇਤਰ ਦੇ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ, ਸਕਿੱਲ ਡਿਵੈਲਪਮੈਂਟ ਅਤੇ ਕਰੀਅਰ ਨਿਰਮਾਣ 'ਚ ਵੀ ਮਦਦਗਾਰ ਸਾਬਿਤ ਹੋਵੇਗਾ | ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਹਰਿਆਣਾ 'ਚ ਬਿਨਾਂ ਪਰਚੀ ਤੇ ਬਿਨਾਂ ਖਰਚੀ ਨੌਕਰੀ ਦੇਣ ਦੀ ਸ਼ੁਰੂਆਤ ਕੀਤੀ ਸੀ, ਜਿਸ ਨਾਲ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਨਾ ਮਿਲੀ ਹੈ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਦੇ ਸਾਰੇ ਸ਼ਹਿਰਾਂ 'ਚ ਲਾਇਬ੍ਰੇਰੀਆਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਬੱਚੇ ਆਧੁਨਿਕ ਢੰਗ ਨਾਲ ਪੜ੍ਹਾਈ ਕਰ ਸਕਣ | ਕਰਨਾਲ ਦੇ ਵਿਕਾਸ ਲਈ ਵਿਧਾਇਕ ਜਗਮੋਹਨ ਆਨੰਦ ਨਿਰੰਤਰ ਯਤਨਸ਼ੀਲ ਹਨ | ਇਸ ਮੌਕੇ ਕੌਂਸਲਰ ਸੰਜੀਵ ਮਹਿਤਾ, ਰਾਜੇਸ਼ ਅੱਗੀ, ਲਾਡੀ ਸੰਧੂ, ਮਮਤਾ ਸੈਣੀ, ਰਾਨੀ ਅਤੇ ਪ੍ਰਤੀਨਿਧੀ ਸੋਨੰੂ ਆਦਿ ਵੀ ਹਾਜ਼ਰ ਸਨ |