ਰਤੀਆ, 22 ਨਵੰਬਰ (ਬੇਅੰਤ ਕੌਰ ਮੰਡੇਰ)- ਸੰਤ ਬਾਬਾ ਨਾਮਦੇਵ ਦੀ ਸਾਈਕਲ ਅਤੇ ਰੱਥ ਯਾਤਰਾ ਜੋ ਕਿ ਮਹਾਰਾਸ਼ਟਰ ਦੇ ਪੰਢਰਪੁਰ ਤੋਂ ਸ਼ੁਰੂ ਹੋਈ ਸੀ, ਦਾ ਰਤੀਆ ਵਿੱਚ ਪਹੁੰਚਣ ਤੇ ਭਰਵਾਂ ਸੁਆਗਤ ਕੀਤਾ ਗਿਆ | ਸ਼ਹਿਰ ਦੇ ਕਈ ਪ੍ਰਮੁੱਖ ਨਾਗਰਿਕਾਂ ਨੇ ਧਾਰਮਿਕ ਯਾਤਰਾ ਦਾ ਫਤਿਹਾਬਾਦ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ | ਬੁਲਾਰਿਆਂ ਨੇ ਕਿਹਾ ਕਿ ਯਾਤਰਾ ਦਾ ਉਦੇਸ਼ ਸ਼ਾਂਤੀ, ਭਾਈਚਾਰਾ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਨਾ ਹੈ | ਯਾਤਰਾ ਦੀ ਅਗਵਾਈ ਸੂਰਿਆਕਾਂਤ ਬਾਈਸੇ ਅਤੇ ਮਨੋਜ ਮੰਡੇ ਕਰ ਰਹੇ ਹਨ | 100 ਤੋਂ ਵੱਧ ਨਾਮਦੇਵ ਸ਼ਰਧਾਲੂ ਸ਼ਹਿਰਾਂ ਅਤੇ ਪਿੰਡਾਂ ਵਿੱਚ ਨਾਮਦੇਵ ਦੇ ਸੰਦੇਸ਼ ਦਾ ਪ੍ਰਚਾਰ ਕਰ ਰਹੇ ਹਨ | ਇਸ ਮੌਕੇ ਸੰਤ ਸ਼੍ਰੋਮਣੀ ਨਾਮਦੇਵ ਸਭਾ ਦੇ ਪ੍ਰਧਾਨ ਹਰਦੇਵ ਸਿੰਘ, ਮਾਸਟਰ ਹਰੀ ਸਿੰਘ, ਕਰਨੈਲ ਸਿੰਘ ਸਾਗੂ, ਬਲਦੇਵ ਸਿੰਘ, ਗੁਰਨਾਮ ਸਿੰਘ, ਲਾਭ ਸਿੰਘ, ਸੁਖਪਾਲ ਸਿੰਘ, ਜਸਵੰਤ ਸਿੰਘ, ਮਹਿੰਦਰ ਸਿੰਘ, ਪ੍ਰੀਤਪਾਲ ਸਿੰਘ, ਦੀਪੀ ਸਿੰਘ, ਮਲਕੀਤ ਸਿੰਘ, ਰਾਮ ਸਿੰਘ, ਕੁਲਵੰਤ ਸਿੰਘ, ਨਛੱਤਰ ਸਿੰਘ, ਸ਼ਰਮਾ ਚੰਦ ਲਾਲੀ ਅਤੇ ਹੋਰ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜਿਰ ਸਨ | ਸ਼ਰਮਾ ਚੰਦ ਲਾਲੀ ਨੇ ਦੱਸਿਆ ਕਿ ਰਤੀਆ ਵਿਖੇ ਆਰਾਮ ਕਰਨ ਉਪਰੰਤ ਇਹ ਰੱਥ ਯਾਤਰਾ ਫਤਿਹਾਬਾਦ ਤੋਂ ਪੰਜਾਬ ਦੇ ਘੁਮਾਣ ਲਈ ਰਵਾਨਾ ਹੋਵੇਗੀ ਅਤੇ 25 ਨਵੰਬਰ ਨੂੰ ਉਥੇ ਪਹੁੰਚੇਗੀ | ਯਾਤਰਾ ਵਿੱਚ ਰਾਸ਼ਟਰੀ ਪੁਰਸਕਾਰ ਪ੍ਰਾਪਤ ਸੀਨੀਅਰ ਸਾਈਕਲਿਸਟ ਸਤੀਸ਼ ਜਾਧਵ, ਦਿਨੇਸ਼ ਨਿਕੁੰਭ, ਸੁਧਾਕਰ ਸੋਨਾਵਣੇ, ਭਰਤ ਕੁਮਾਰ, ਸੁਵਰਨਾ ਅਰਸ਼, ਹਰਸ਼ਲ ਸੂਰੋਦਯ, 73 ਸਾਲਾ ਸੁਰੇਸ਼ ਸਾਪਕਾ, ਸੋਮਨਾਥ ਕਰੰਜਕਰ ਅਤੇ ਸਭ ਤੋਂ ਛੋਟੀ ਉਮਰ ਦੇ ਸ਼ਰਧਾਲੂ ਸਮਰਥ ਅਮਲੇ ਸ਼ਾਮਲ ਹਨ | ਇਹ ਯਾਤਰਾ ਮਹਾਰਾਸ਼ਟਰ ਤੋਂ ਗੁਜਰਾਤ, ਰਾਜਸਥਾਨ ਅਤੇ ਹਰਿਆਣਾ ਤੋਂ ਹੁੰਦੀ ਹੋਈ ਪੰਜਾਬ ਦੇ ਘੁਮਾਣ ਸਾਹਿਬ ਵਿਖੇ ਪਹੁੰਚੇਗੀ |