ਗੂਹਲਾ ਚੀਕਾ, 24 ਨਵੰਬਰ (ਓ. ਪੀ. ਸੈਣੀ)-ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬੈਹਰ ਸਾਹਿਬ ਵਲੋਂ ਸਕੂਲ ਦੇ ਵਿਹੜੇ 'ਚ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਸ਼ਰਧਾ ਨਾਲ ਕਰਵਾਇਆ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ, ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਕੀਤਾ ਅਤੇ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੁਆਰਾ ਮਨੁੱਖਤਾ ਤੇ ਹਿੰਦੂ ਧਰਮ ਲਈ ਕੀਤੀਆਂ ਕੁਰਬਾਨੀਆਂ ਦਾ ਬਹੁਤ ਹੀ ਢੁਕਵੇਂ ਢੰਗ ਨਾਲ ਵਰਣਨ ਕੀਤਾ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਰਾਹੀਂ ਸ਼ਹੀਦਾਂ ਦੇ ਜੀਵਨ 'ਤੇ ਚਾਨਣਾ ਪਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ | ਇਸ ਮੌਕੇ ਜਥੇਦਾਰ ਬਾਬਾ ਕਾਬਲ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਮਹਿਲ ਸਿੰਘ, ਪਿ੍ੰਸੀਪਲ ਸਰਬਜੀਤ ਸਿੰਘ, ਵਾਈਸ ਪਿ੍ੰਸੀਪਲ ਸਪਨਾ ਰਾਏ, ਸੀਨੀਅਰ ਅਧਿਆਪਕ ਬਲਜਿੰਦਰ ਸਿੰਘ, ਹਰਵਿੰਦਰ ਸਿੰਘ, ਸਾਹਿਬ ਸਿੰਘ, ਵਿਨੋਦ ਕੁਮਾਰ, ਬਲਜੀਤ ਸਿੰਘ, ਮਨਦੀਪ ਕੌਰ, ਪ੍ਰੇਮ ਲਤਾ ਆਦਿ ਸਮੇਤ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ |