ਕੋਟਕਪੂਰਾ, 5 ਦਸੰਬਰ (ਮੋਹਰ ਸਿੰਘ ਗਿੱਲ)-ਸਥਾਨਕ ਬਠਿੰਡਾ ਰੋਡ 'ਤੇ ਸਥਿਤ ਪੁੱਡਾ ਤੋਂ ਮਾਨਤਾ ਪ੍ਰਾਪਤ ਕਾਲੋਨੀ ਅਰਵਿੰਦ ਨਗਰ ਦੇ ਵਸਨੀਕਾਂ ਵਲੋਂ ਨਵੀਂ ਬਣਾਈ ਗਈ ਅਰਵਿੰਦ ਨਗਰ ਵਿਕਾਸ ਕਮੇਟੀ ਦੇ ਸਮੂਹ ਅਹੁਦੇਦਾਰਾਂ ਵਲੋਂ ਪ੍ਰਧਾਨ ਸੰਤੋਖ ਸਿੰਘ ਚਾਨਾ ਦੀ ਅਗਵਾਈ ਹੇਠ ਕਾਲੋਨੀ ਦੇ ਪ੍ਰਮੋਟਰ ਦੇ ਪ੍ਰਤੀਨਿਧ ਕਮਲ ਗੁਪਤਾ ਨਾਲ ਮੀਟਿੰਗ ਕੀਤੀ | ਵਿਕਾਸ ਕਮੇਟੀ ਦੇ ਪ੍ਰਧਾਨ, ਜਨਰਲ ਸਕੱਤਰ ਪ੍ਰੇਮ ਚਾਵਲਾ ਤੇ ਪ੍ਰੈਸ ਸਕੱਤਰ ਹਰਵਿੰਦਰ ਸਿੰਘ ਪੁਰਬਾ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਕਾਲੋਨੀ ਦੇ ਮੁੱਖ ਗੇਟ ਕੋਲ ਇੰਟਰਲਾਕ ਟਾਈਲਾਂ ਲਗਵਾਉਣ, ਪਿਛਲੇ ਕਈ ਮਹੀਨਿਆਂ ਤੋਂ ਬੰਦ ਪਾਣੀ ਦੀ ਸਪਲਾਈ ਤੁਰੰਤ ਬਹਾਲ ਕਰਨ ਅਤੇ ਕਾਲੋਨੀ ਦੀ ਦਿੱਖ ਨੂੰ ਹੋਰ ਸੰਵਾਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਪ੍ਰਮੋਟਰ ਦੇ ਪ੍ਰਤੀਨਿਧ ਕਮਲ ਗੁਪਤਾ ਵਲੋਂ ਤੁਰੰਤ ਪ੍ਰਮੋਟਰ ਅਰਵਿੰਦ ਸਿੰਗਲਾ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਗਈ | ਉਪਰੰਤ ਫ਼ੈਸਲਾ ਕੀਤਾ ਗਿਆ ਕਿ ਜਲਦ ਹੀ ਪ੍ਰਮੋਟਰ ਵਲੋਂ ਕਾਲੋਨੀ ਦੇ ਮੇਨ ਗੇਟ 'ਤੇ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਇਸ ਤੋਂ ਇਲਾਵਾ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਾਣੀ ਦੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇਗੀ ਤੇ ਹਰ ਰੋਜ ਸਵੇਰੇ ਦੋ ਘੰਟੇ ਅਤੇ ਸ਼ਾਮ ਨੂੰ ਇਕ ਘੰਟਾ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ | ਕਾਲੋਨੀ ਵਿਚ ਸਥਿਤ ਪ੍ਰਮੋਟਰ ਦਾ ਦਫ਼ਤਰ ਪਹਿਲਾਂ ਦੀ ਤਰ੍ਹਾਂ ਆਪਣਾ ਕਾਰਜ ਸ਼ੁਰੂ ਕਰ ਦੇਵੇਗਾ ਤੇ ਬਕਾਇਦਾ ਤੌਰ 'ਤੇ ਮੈਨੇਜਰ ਵਜੋਂ ਬਲਜਿੰਦਰ ਸਿੰਘ ਬੱਲੀ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ | ਇਹ ਵੀ ਫੈਸਲਾ ਲਿਆ ਗਿਆ ਕਿ ਹੋਰ ਰਹਿੰਦੇ ਕੰਮਾਂ ਪ੍ਰਤੀ ਤੇ ਕਾਲੋਨੀ ਦੀ ਦਿੱਖ ਨੂੰ ਹੋਰ ਸੰਵਾਰਨ ਲਈ ਜਲਦੀ ਹੀ ਅਰਵਿੰਦ ਨਗਰ ਵਿਕਾਸ ਕਮੇਟੀ ਅਤੇ ਪ੍ਰਮੋਟਰ ਦੇ ਪ੍ਰਤੀਨਿਧ ਦਰਮਿਆਨ ਮੀਟਿੰਗ ਕੀਤੀ ਜਾਵੇਗੀ | ਵਿਕਾਸ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਪ੍ਰਮੋਟਰ ਵਲੋਂ ਲਏ ਗਏ ਫ਼ੈਸਲਿਆਂ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ ਤੇ ਆਸ ਪ੍ਰਗਟ ਕੀਤੀ ਹੈ ਕਿ ਬਾਕੀ ਰਹਿੰਦੇ ਕੰਮ ਵੀ ਜਲਦੀ ਪੂਰੇ ਕੀਤੀ ਜਾਣਗੇ | ਇਸ ਮੌਕੇ ਵਿਕਾਸ ਕਮੇਟੀ ਦੇ ਚੇਅਰਮੈਨ ਓਮ ਪ੍ਰਕਾਸ ਗੋਇਲ, ਨਾਜਰ ਸਿੰਘ ਸਿੱਧੂ ਮੁੱਖ ਸਰਪ੍ਰਸਤ, ਦਰਸ਼ਨ ਸਿੰਘ ਆਹੂਜਾ ਮੁੱਖ ਸਲਾਹਕਾਰ, ਅਜਮੇਰ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਰਾਜਿੰਦਰ ਥਾਪਰ ਮੀਤ ਪ੍ਰਧਾਨ, ਸੁਖਰਾਜ ਸਿੰਘ ਚਾਨਾ ਜੁਆਇੰਟ ਸਕੱਤਰ, ਮਨਦੀਪ ਸਿੰਘ ਸਰਾਂ ਵਿੱਤ ਸਕੱਤਰ, ਨਵਦੀਪ ਸਿੰਘ ਚਾਨਾ ਤਕਨੀਕੀ ਸਲਾਹਕਾਰ, ਲਖਵਿੰਦਰ ਸਿੰਘ ਸਿੱਧੂ ਆਰਗੇਨਾਈਜਰ ਸਕੱਤਰ, ਕਾਰਜਕਾਰਨੀ ਕਮੇਟੀ ਮੈਂਬਰ ਲਖਵਿੰਦਰ ਅਰੋੜਾ, ਅਸ਼ੋਕ ਦਾਬੜਾ ਅਤੇ ਰਾਜਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ |