ਕਾਲਾਂਵਾਲੀ/ਸਿਰਸਾ, 8 ਦਸੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੀ ਥਾਣਾ ਬੜਾਗੁੜਾ ਪੁਲੀਸ ਨੇ ਪਿੰਡ ਸੁਖਚੈਨ ਵਾਸੀ ਤਰਸੇਮ ਸਿੰਘ 'ਤੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਯੋਜਨਾਬੱਧ ਤਰੀਕੇ ਨਾਲ ਨਾਜਾਇਜ਼ ਹਥਿਆਰਾਂ ਨਾਲ ਹਮਲਾ ਕਰਨ ਦੇ ਮਾਮਲੇ 'ਚ ਦੋ ਹੋਰ ਨੌਜਵਾਨਾਂ ਨੂੰ ਗਿ੍ਫਤਾਰ ਕੀਤਾ ਹੈ | ਥਾਣਾ ਬੜਾਗੁੜਾ ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਇਹ ਮਾਮਲਾ ਪੁਲਿਸ ਸੁਪਰਡੈਂਟ ਦੀਪਕ ਸਹਾਰਨ ਦੇ ਧਿਆਨ ਵਿੱਚ ਆਇਆ ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਸੀਆਈਏ ਸਿਰਸਾ ਅਤੇ ਥਾਣਾ ਬੜਾਗੁੜਾ ਤੋਂ ਪੁਲੀਸ ਦੀਆਂ ਟੀਮਾਂ ਬਣਾਈਆਂ ਅਤੇ ਉਨ੍ਹਾਂ ਨੂੰ ਤੁਰੰਤ ਮਾਮਲੇ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ | ਚੇਤੇ ਰਹੇ ਕਿ 14 ਨਵੰਬਰ ਨੂੰ ਸੀਆਈਏ ਸਿਰਸਾ ਦੀ ਇੱਕ ਪੁਲੀਸ ਟੀਮ ਨੇ ਦੌਲਤਪੁਰ ਖੇੜਾ ਰੋਡ ਬੜਾਗੁੜ੍ਹਾ ਖੇਤਰ ਤੋਂ ਇੱਕ ਕਾਰ ਵਿੱਚ ਯਾਤਰਾ ਕਰ ਰਹੇ ਦੋ ਨੌਜਵਾਨਾਂ ਨੂੰ ਇੱਕ ਨਜਾਇਜ਼ 315 ਬੋਰ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ ਕੀਤਾ ਸੀ | ਥਾਣਾ ਬੜਾਗੁੜ੍ਹਾ ਵਿੱਚ ਸੰਗਠਿਤ ਅਪਰਾਧ, ਅਸਲਾ ਐਕਟ ਅਤੇ ਬੀਐਨਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਜਾਂਚ ਸ਼ੁਰੂ ਕੀਤੀ ਗਈ ਸੀ | ਜਾਂਚ ਦੌਰਾਨ ਥਾਣਾ ਬੜਾਗੁੜ੍ਹਾ ਪੁਲੀਸ ਨੇ ਮਾਮਲੇ ਵਿੱਚ ਸ਼ਾਮਲ ਦੋ ਮੁਲਜ਼ਮਾਂ ਸੰਦੀਪ ਉਰਫ਼ ਸੀਪਾ ਪੁੱਤਰ ਮਨਦੀਪ ਸਿੰਘ ਅਤੇ ਅਭੈ ਉਰਫ਼ ਅਬੀ ਪੁੱਤਰ ਰਾਮਚੰਦਰ ਵਾਸੀ ਕਾਲਾਂਵਾਲੀ ਨੂੰ ਵੀ ਗਿ੍ਫ਼ਤਾਰ ਕੀਤਾ ਹੈ | ਜ਼ਿਕਰਯੋਗ ਹੈ ਕਿ ਮਾਮਲੇ ਵਿੱਚ ਸ਼ਾਮਲ ਸੱਤ ਮੁਲਜ਼ਮਾਂ ਲਖਬੀਰ ਸਿੰਘ, ਗੁਰਸਿਮਰਨ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਕੁਮਾਰ, ਅਨਮੋਲਜੀਤ ਉਰਫ਼ ਕਾਲੀ ਅਤੇ ਇੱਕ ਨਾਬਾਲਗ ਨੂੰ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਉਪਰੋਕਤ ਸਾਰੇ ਮੁਲਜ਼ਮ ਯੋਜਨਾਬੱਧ ਤਰੀਕੇ ਨਾਲ ਸੰਗਠਿਤ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ | ਮਹੱਤਵਪੂਰਨ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਥਾਣਾ ਬੜਾਗੁੜ੍ਹਾ ਪੁਲੀਸ ਨੇ ਮੁਲਜ਼ਮਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ | ਗਿ੍ਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ |