ਡੱਬਵਾਲੀ, 22 ਦਸੰਬਰ (ਇਕਬਾਲ ਸਿੰਘ ਸ਼ਾਂਤ)- ਅਸ਼ੋਕ ਵਢੇਰਾ 23 ਦਸੰਬਰ 1995 ਨੂੰ ਡੱਬਵਾਲੀ ਅਗਨੀ ਕਾਂਡ ਵਿਚ ਬੱਚਿਆਂ ਨੂੰ ਅੱਗ ਦੀਆਂ ਲਪਟਾਂ ਤੋਂ ਬਚਾਉਂਦੇ ਹੋਏ ਆਪਣਾ ਜੀਵਨ ਬਲਿਦਾਨ ਕਰ ਗਏ ਸਨ | ਇਸ ਕੁਰਬਾਨੀ ਨੇ ਉਨ੍ਹਾਂ ਨੂੰ ਸਾਧਾਰਣ ਸਖ਼ਸੀਅਤ ਨੂੰ ਇਕ ਸਮਾਜਿਕ ਪ੍ਰੇਰਣਾ ਦਾ ਰੁਤਬਾ ਦੇ ਦਿੱਤਾ | ਹਾਦਸੇ ਵੇਲੇ ਜਦੋਂ ਚਹੁੰ-ਪਾਸੇ ਅਫ਼ਰਾ-ਤਫ਼ਰੀ ਮੱਚੀ ਹੋਈ ਸੀ, ਤਦ ਉਹ ਬਿਨਾਂ ਕਿਸੇ ਪਰਵਾਹ ਦੇ ਭਿਆਨਕ ਅੱਗ ਵਿੱਚ ਕੁੱਦ ਪਏ ਅਤੇ ਆਖ਼ਰੀ ਸਾਹ ਤੱਕ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਲੱਗੇ ਰਹੇ | ਇਸ ਦੌਰਾਨ ਉਹ ਪੂਰੀ ਤਰ੍ਹਾਂ ਝੁਲਸ ਗਏ | ਬਾਅਦ ਵਿੱਚ ਉਨ੍ਹਾਂ ਦੀ ਮਿ੍ਤਕ ਦੇਹ ਦੀ ਪਛਾਣ ਹੱਥ ਦੀ ਉਂਗਲ ਵਿੱਚ ਪਹਿਨੀ ਅੰਗੂਠੀ ਤੋਂ ਹੋਈ ਸੀ | ਉਨ੍ਹਾਂ ਦੇ ਹੌਂਸਲੇ ਅਤੇ ਬਲਿਦਾਨ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਜਨਵਰੀ 1996 ਵਿੱਚ ਉਨ੍ਹਾਂ ਨੂੰ (ਮਰਨ ਉਪਰੰਤ) ਰਾਸ਼ਟਰੀ ਯੁਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਸ਼ਹੀਦ ਅਸ਼ੋਕ ਵਢੇਰਾ ਦਾ ਜੀਵਨ ਸੇਵਾ, ਹੌਂਸਲੇ ਅਤੇ ਸਮਾਜਿਕ ਵਚਨਬੱਧਤਾ ਦੀ ਪ੍ਰਤੱਖ ਮਿਸਾਲ ਰਿਹਾ, ਦਾ ਜਨਮ 12 ਫਰਵਰੀ 1959 ਨੂੰ ਡੱਬਵਾਲੀ ਵਿੱਚ ਅਖ਼ਬਾਰਾਂ ਦੇ ਏਜੰਟ ਪਿਤਾ ਪੁੰਨੂਲਾਲ ਵਢੇਰਾ ਅਤੇ ਮਾਤਾ ਤਾਰਾਵੰਤੀ ਦੇ ਘਰ ਹੋਇਆ | ਕਈ ਰਾਸ਼ਟਰੀ ਅਖ਼ਬਾਰਾਂ ਦੇ ਪੱਤਰਕਾਰ ਵਜੋਂ ਉਹ ਆਪਣੀ ਦਿਲੇਰ ਅਤੇ ਤਿੱਖੀ ਲੇਖਣੀ ਲਈ ਪ੍ਰਸਿੱਧ ਹੋਏ | ਸਾਲ 1985 ਵਿੱਚ ਉਨ੍ਹਾਂ ਦਾ ਵਿਆਹ ਰੋਹਤੱਕ ਵਾਸੀ ਊਸ਼ਾ ਰਾਣੀ ਨਾਲ ਹੋਇਆ | ਉਨ੍ਹਾਂ ਦੇ ਇੱਕ ਪੁੱਤਰ ਰਾਘਵ ਅਤੇ ਪੁੱਤਰੀ ਧੀ ਦੀਕਸ਼ਾ ਹਨ | ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਉਹ ਸਰਗਰਮ ਰਹੇ ਅਤੇ ਸਰਸਵਤੀ ਵਿਦਿਆ ਮੰਦਰ ਸਕੂਲ ਦੀ ਪ੍ਰਬੰਧ ਕਮੇਟੀ ਦੇ ਮੁਢਲੇ ਮੈਂਬਰ ਬਣੇ | ਹਰਿਆਣਾ ਯੂਨੀਅਨ ਆਫ਼ ਜਰਨਲਿਸਟਸ ਵੱਲੋਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ | ਉਨ੍ਹਾਂ ਦੀ ਸ਼ਾਹਦਤ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ |