ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਡਾ. ਮਹਿੰਦਰ ਸਿੰਘ ਵਲੋਂ ਅਕਾਲੀ ਲਹਿਰ 'ਤੇ ਸੰਪਾਦਿਤ ਪੁਸਤਕ 'ਤੇ ਚਰਚਾ

Ad Position 21
No active advertisement
ਅਜੀਤ ਡੈਸਕ 25-12-2025
ਨਵੀਂ ਦਿੱਲੀ, 24 ਦਸੰਬਰ (ਮਿਸਰਦੀਪ ਭਾਟੀਆ)-ਨੈਸ਼ਨਲ ਇੰਸਟੀਟਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਅਤੇ ਸਪੀਕਿੰਗ ਟਾਈਗਰ ਬੁੱਕਸ, ਨਵੀਂ ਦਿੱਲੀ ਰਾਹੀਂ ਅਕਾਲੀ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ਹੁੰਦਿਆਂ ਡਾ. ਮਹਿੰਦਰ ਸਿੰਘ ਦੀ ਸੰਪਾਦਿਤ ਪੁਸਤਕ 'ਸੀਕਰੇਟ ਐਂਡ ਪ੍ਰਾਈਵੇਟ ਪੇਪਰਜ਼ ਆਫ਼ ਦਾ ਅਕਾਲੀ ਮੂਵਮੈਂਟ-(1920-25) 'ਤੇ ਸਦਨ ਵਿਖੇ ਵਿਮੋਚਨ ਅਤੇ ਚਰਚਾ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਅੰਬੈਸਡਰ ਨਵਤੇਜ਼ ਸਿੰਘ ਸਰਨਾ ਨੇ ਕੀਤੀ | ਪੁਸਤਕ ਦਾ ਮੁੱਖ ਬੰਦ ਪ੍ਰਸਿੱਧ ਪੱਤਰਕਾਰ ਤੇ ਬੀ.ਬੀ.ਸੀ. ਦੇ ਸਾਬਕਾ ਮੁਖੀ ਸਰ ਮਾਰਕ ਟਲੀ ਨੇ ਲਿਖਿਆ ਹੈ | ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਡਾਇਰੈਕਟਰ ਜਨਰਲ ਡਾ. ਮਹਿੰਦਰ ਸਿੰਘ ਨੇ ਅਕਾਲੀ ਲਹਿਰ ਬਾਰੇ ਸੰਖੇਪ ਵਿਚ ਦੱਸਦਿਆਂ ਸਭ ਨੂੰ ਜੀ ਆਇਆਂ ਕਿਹਾ ਤੇ ਦੱਸਿਆ ਕਿ ਸਦਨ ਦੇ ਡਾਇਰੈਕਟਰ ਡਾ. ਜਸਵਿੰਦਰ ਸਿੰਘ ਤੇ ਖੋਜ਼ਾਰਥੀ ਹਰਮਨਮੀਤ ਕੌਰ ਦੇ ਸਹਿਯੋਗ ਕਰਕੇ ਇਹ ਪੁਸਤਕ ਥੋੜ੍ਹੇ ਸਮੇਂ ਵਿਚ ਤਿਆਰ ਕੀਤੀ ਗਈ ਤਾਂ ਕਿ ਅਕਾਲੀਆਂ ਦੀਆਂ ਕੁਰਬਾਨੀਆਂ ਸਦਕਾ 1925 ਵਿਚ ਪਾਸ ਹੋਈ ਸਿੱਖ ਗੁਰਦੁਆਰਾ ਐਕਟ ਨੂੰ ਸਮਰਪਿਤ ਕੀਤੀ ਜਾ ਸਕੇ | ਅਮਰਜੀਤ ਸਿੰਘ ਚੰਢੋਕ ਸੀਨੀਅਰ ਐਡਵੋਕੇਟ ਤੇ ਸਾਬਕਾ ਐਡੀਸ਼ਨਲ ਸੋਲੀਸੀਟਰ ਜਨਰਲ ਆਫ਼ ਇੰਡੀਆ ਨੇ ਪੁਸਤਕ ਦਾ ਵਿਮੋਚਨ ਕੀਤਾ ਅਤੇ ਇਸ ਦੀ ਇਕ-ਇਕ ਕਾਪੀ ਤੇਜ਼ਾ ਸਿੰਘ ਸਮੁੰਦਰੀ ਦੇ ਪੋਤੇ ਅੰਬੈਸਡਰ ਤਰਨਜੀਤ ਸਿੰਘ ਸੰਧੂ ਅਤੇ ਪ੍ਰੋ. ਰੁੱਚੀ ਰਾਮ ਸਾਹਨੀ ਦੀ ਪੜਦੋਹਤਰੀ ਡਾ. ਨੀਰਾ ਬੂਰਾ ਨੂੰ ਭੇਟ ਕੀਤੀ | ਇਸ ਤੋਂ ਬਾਅਦ ਸਦਨ ਦੇ ਸੀਨੀਅਰ ਮੀਤ ਪ੍ਰਧਾਨ ਜੀ.ਬੀ.ਐਸ. ਸਿੱਧੂ ਨੇ ਪੁਸਤਕ ਦੀ ਅਜੋਕੇ ਸਮੇਂ 'ਚ ਮਹੱਤਤਾ ਬਾਰੇ ਚਾਨਣਾ ਪਾਇਆ | ਅੰਬੈਸਡਰ ਤਰਨਜੀਤ ਸਿੰਘ ਸੰਧੂ ਨੇ ਪੁਸਤਕ ਬਾਰੇ ਬੋਲਦਿਆਂ ਅਕਾਲੀ ਲਹਿਰ ਦੇ ਸ਼ਾਂਤਮਈ ਚਰਿੱਤਰ ਅਤੇ ਪੰਥਕ ਇਕਜੁੱਟਤਾ ਦੀ ਗੱਲ ਕੀਤੀ ਜਿਸ ਨੇ ਅਕਾਲੀ ਲਹਿਰ ਨੂੰ ਕਾਮਯਾਬ ਕੀਤਾ | ਉਨ੍ਹਾਂ ਨੇ ਅਕਾਲੀਆਂ ਦੀ ਅਕਾਦਮਿਕ ਚੋਣ ਨੂੰ ਵੀ ਉਜਾਗਰ ਕੀਤਾ | ਸੀਨੀਅਰ ਐਡਵੋਕੇਟ ਅਮਰਜੀਤ ਸਿੰਘ ਚੰਢੋਕ ਨੇ ਕਿਹਾ ਕਿ ਸਾਨੂੰ ਅਜਿਹੀਆਂ ਪੁਸਤਕਾਂ ਨੂੰ ਅੱਜ ਦੀ ਪੀੜ੍ਹੀ ਦੇ ਹੱਥਾਂ ਵਿਚ ਦੇਣ ਦੀ ਲੋੜ ਹੈ ਤਾਂ ਜੋ ਪੰਥਕ ਜਾਗਰੂਕਤਾ ਉਜਾਗਰ ਹੋਵੇ | ਪ੍ਰਸਿੱਧ ਇਤਿਹਾਸਕਾਰ ਪ੍ਰੋ. ਕੇ.ਐਲ. ਟੁਟੇਜਾ, ਪ੍ਰੋ. ਸਲਿਲ ਮਿਸ਼ਰਾ, ਪ੍ਰੋ. ਅਮਰਜੀਤ ਸਿੰਘ ਨਾਰੰਗ ਅਤੇ ਪ੍ਰੋ. ਅੰਮਿ੍ਤ ਬਸਰਾ ਨੇ ਪੁਸਤਕ ਦਾ ਅਵਲੋਕਨ ਕਰਦਿਆਂ ਦੱਸਿਆ ਕਿ ਇਹ ਸਿਕ੍ਰੇਟ ਪੇਪਰਜ਼ ਉਸ ਵੇਲੇ ਦੇ ਅਕਾਲੀਆਂ ਅਤੇ ਸਰਕਾਰ ਦੀ ਸੋਚ ਨੂੰ ਉਜਾਗਰ ਕਰਦੇ ਹਨ ਅਤੇ ਉਸ ਸਾਰੇ ਪਰਿਪੇਖ ਨੂੰ ਵੀ ਜਿਸ ਤਹਿਤ ਦੇਸ਼ ਦੇ ਰਾਜਸੀ ਪਟਲ 'ਤੇ ਅਕਾਲੀ ਲਹਿਰ ਨੇ ਜਨਮ ਲਿਆ | ਇਥੇ ਇਹ ਜ਼ਿਕਰ ਕਰਨਾ ਤਰਕਸੰਗਤ ਹੋਵੇਗਾ ਕਿ ਅਕਾਲੀ ਲਹਿਰ, 1920 ਵਿਚ ਇਤਿਹਾਸਕ ਗੁਰਦੁਆਰਿਆਂ ਨੂੰ ਭ੍ਰਸ਼ਟ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ਸੀ ਤੇ ਸਿਦਕੀ ਸਿੰਘਾਂ-ਸਿੰਘਣੀਆਂ ਦੀਆਂ ਬੇਮਿਸਾਲ ਕੁਰਬਾਨੀਆਂ ਸਦਕਾ ਆਪਣੇ ਉਦੇਸ਼ ਵਿਚ ਸਫ਼ਲ ਹੋਏ | ਯੂ.ਐਨ.ਡੀ.ਪੀ. ਵਿਚ ਸੀਨੀਅਰ ਐਡਵਾਈਜ਼ਰ ਡਾ. ਨੀਰਾ ਬੂਰਾ ਨੇ ਆਪਣੇ ਪੜਨਾਨਾ ਪ੍ਰੋ. ਰੁੱਚੀ ਰਾਮ ਸਾਹਨੀ ਦੀ ਅਕਾਲੀ ਲਹਿਰ ਪ੍ਰਤੀ ਦੇਣ ਨੂੰ ਯਾਦ ਕਰਦਿਆਂ ਬਿ੍ਟਿਸ਼ ਵਸੀਲਿਆਂ ਨੂੰ ਉਘਾੜਿਆ ਅਤੇ ਪੰਜਾਬ ਦੇ ਉਸ ਵੇਲੇ ਦੇ ਦੌਰ ਦੀ ਹਾਲਤ ਬਿਆਨ ਕੀਤੀ | ਡਾ. ਬੂਰਾ ਨੇ ਪ੍ਰੋ. ਰੁੱਚੀ ਰਾਮ ਸਾਹਨੀ ਦੇ ਸ਼ਬਦ ਦੁਹਰਾਉਂਦਿਆਂ ਦੱਸਿਆ ਕਿ ਜਿਸ ਵੇਲੇ ਉਹ ਕਿਰਪਾਨਧਾਰੀ ਬੀਬੀ ਨੂੰ ਤੁਰਦੇ ਹੋਏ ਦੇਖਦੇ ਸਨ ਤੇ ਉਨ੍ਹਾਂ ਨੂੰ ਸਿੱਖ ਧਰਮ ਵਿਚ ਲਿੰਗਕ ਸਮਾਨਤਾ ਨਜ਼ਰ ਆਉਂਦੀ ਸੀ | ਸਭਾ ਦੇ ਪ੍ਰਧਾਨ ਅੰਬੈਸਡਰ ਨਵਤੇਜ ਸਿੰਘ ਸਰਨਾ ਨੇ ਪੁਸਤਕ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਅਕਾਲੀਆਂ ਦੇ ਉਸ ਵੇਲੇ ਦੇ ਸ਼ਾਂਤਮਈ ਪਹੁੰਚ, ਸਿੱਖ ਪਛਾਣ, ਅਕਾਦਮਿਕ ਤੇ ਨਾਰੀ ਉਥਾਨ ਸੰਬੰਧੀ ਮਾਮਲਿਆਂ 'ਤੇ ਗੱਲ ਕੀਤੀ | ਇਸੇ ਸਭ ਦਾ ਨਤੀਜਾ ਸੀ ਕਿ ਪੰਥ ਉਸ ਵੇਲੇ ਇਕਜੁੱਟ ਸੀ ਤੇ ਕਾਮਯਾਬੀ ਨੂੰ ਪ੍ਰਾਪਤ ਹੋਇਆ | ਇਸ ਮੌਕੇ ਸਰਦਾਰਨੀ ਤਰਨਜੀਤ ਕੌਰ ਤੇ ਤਮਨਪ੍ਰੀਤ ਕੌਰ ਨੇ ਭਾਈ ਵੀਰ ਸਿੰਘ ਦੀ ਕਵਿਤਾ 'ਬਨਫ਼ਸ਼ਾ ਦਾ ਫੁੱਲ' ਦਾ ਗਾਇਨ ਕੀਤਾ | ਅਖੀਰ ਵਿਚ ਪਹੁੰਚੇ ਪੁਸਤਕ ਦੇ ਪ੍ਰਕਾਸ਼ਕ ਰਵੀ ਸਿੰਘ ਨੇ ਸਭ ਵਕਤਿਆਂ 'ਤੇ ਸਰੋਤਿਆਂ ਦਾ ਧੰਨਵਾਦ ਕੀਤਾ | ਸਦਨ ਦੇ ਮੀਤ ਪ੍ਰਧਾਨ ਡਾ. ਨੀਨਾਪੁਰੀ, ਹਰਚਰਨ ਸਿੰਘ ਨਾਗ, ਧਰਮਪਾਲ ਸੋਢੀ, ਡਾ. ਪੁਨੀਤਾ ਸਿੰਘ, ਸ. ਤਰਲੋਚਨ ਸਿੰਘ, ਅਨੰਤਾ ਸਿੰਘ, ਪ੍ਰੋ. ਅਮਨਪ੍ਰੀਤ ਸਿੰਘ ਗਿੱਲ, ਪ੍ਰੋ. ਕੁਲਜੀਤ ਗੋਜਰਾ, ਡਾ. ਹਰਬੰਸ ਕੌਰ ਸਾਗੂ ਸਮੇਤ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਤੇ ਖੋਜਾਰਥੀਆਂ ਨੇ ਇਸ ਪ੍ਰੋਗਰਾਮ ਵਿਚ ਨਿੱਘੀ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਦਿਆਰਥੀਆਂ ਵਲੋਂ ਸੰਗਤੀ ਰੂਪ ਵਿਚ ਮੂਲ ਮੰਤਰ ਤੇ ਵਾਹਿਗੁਰੂ ਮੰਤਰ ਦੇ ਜਾਪ ਕੀ... ਅਗਲੀ ਖ਼ਬਰ ਸੀ.ਸੀ.ਆਰ.ਟੀ. ਵਲੋਂ ਪੰਜਾਬ ਦੇ ਲੋਕ ਨਾਚਾਂ ਦੀ ਵਰਕਸ਼ਾਪ ਲਗਾਈ <br/>
Ad Position 24
No active advertisement