ਲੋਹੀਆਂ ਖਾਸ, 1 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਲਗਤਾਰ ਪੈ ਰਹੇ ਮੀਂਹ ਨੇ ਜਿਥੇ ਪੂਰੇ ਪੰਜਾਬ 'ਚ ਹੜ੍ਹ ਵਰਗੀ ਸਥਿਤੀ ਬਣਾਈ ਹੋਈ ਹੈ, ਉਥੇ ਲੋਹੀਆਂ ਇਲਾਕੇ 'ਚ ਨਵਾਂ ਪਿੰਡ ਦੋਨੇਵਾਲ, ਪਿੰਡ ਮੱਖੀ, ਨਵਾਂ ਪਿੰਡ ਖਾਲੇਵਾਲ, ਨੱਲ੍ਹ ਸਮੇਤ ਹਰ ਪਿੰਡ ਨੇੜਿੳਾ ਲੰਘਦੀ ਚਿੱਟੀ ਵੇਂਈ ਨੇ ਕਈ ਥਾਵਾਂ ਤੋਂ ਉਭਾਲੇ ਖਾ ਕੇ ਨੇੜਲੀਆਂ ਫਸਲਾਂ ਨੂੰ ਡੋਬ ਦਿੱਤਾ ਹੈ ਅਤੇ ਇਨ੍ਹਾਂ ਇਲਾਕਿਆਂ ਅੰਦਰ ਹੜ੍ਹ ਵਰਗੀ ਸਥਿਤੀ ਬਣਾ ਦਿੱਤੀ ਹੈ | ਇਸੇ ਦੌਰਾਨ ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਕਿ ਪਿੰਡ ਮੁੰਡੀ ਸ਼ਹਿਰੀਆਂ ਨੇੜੇ ਚਿੱਟੀ ਵੇਂਈਾ ਦੇ 15 ਫੁੱਟ ਪਾਣੀ ਵਾਲੇ ਉੱਚੇ ਬੰਨ 'ਚੋਂ ਲੀਕੇਜ (ਸੀਰ) ਪੈ ਗਈ ਹੈ ਤਾਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਪ੍ਰੇਸ਼ਾਨੀ ਵੱਧ ਗਈ ਅਤੇ ਉਹ ਆਪੋ ਆਪਣੇ ਘਰੇਲੂ ਸਮਾਨ ਅਤੇ ਮਾਲ ਡੰਗਰ ਦੀ ਫਿਕਰ ਕਰਨ ਲੱਗੇ | ਦੇਰ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਖਬਰ ਲਿਖੇ ਜਾਣ ਵੇਲੇ ਤੱਕ ਲੋਕਾਂ ਵੱਲੋਂ ਮਿੱਟੀ ਦੀਆਂ ਟਰਾਲੀਆਂ ਅਤੇ ਮਿੱਟੀ ਦੇ ਬੋਰਿਆਂ ਦੇ ਪ੍ਰਬੰਧ ਕਰਨ ਤੋਂ ਬਾਅਦ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਇਸ ਲੀਕੇਜ (ਸੀਰ) ਨੂੰ ਬੰਦ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਸਨ | ਇਸ ਮੌਕੇ ਲੋਹੀਆਂ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਡਰੇਨਜ਼ ਵਿਭਾਗ ਦੇ ਜੇ.ਈ. ਅਮਨ ਸਮੇਤ ਹੋਰ ਅਮਲੇ ਵੱਲੋਂ ਲੋਕਾਂ ਨਾਲ ਸਹਿਯੋਗ ਕੀਤਾ ਜਾ ਰਿਹਾ ਸੀ | ਉਧਰ ਪਿੰਡ ਮੱਖੀ ਅਤੇ ਪਿੰਡ ਨੱਲ੍ਹ ਨੇੜਿਓਾ ਲੰਘਦੀ ਇਸ ਚਿੱਟੀ ਵੇਂਈ ਦੇ ਪੁੱਲਾਂ ਹੇਠਾਂ ਤਾਂ ਪਹਿਲਾਂ ਡਾਫ਼ ਲਗਾ ਚੁੱਕੀ ਕਲਾਲੀ ਬੂਟੀ ਨੇ ਪਾਣੀ ਨੂੰ ਆਪ ਮੁਹਾਰੇ ਕੀਤਾ ਹੋਇਆ ਹੈ ਅਤੇ ਕਿਸਾਨਾਂ ਦੀਆਂ ਸੈਂਕੜੇ ਏਕੜ ਫਸਲਾਂ ਨੂੰ ਕਈ ਦਿਨਾਂ ਤੋਂ ਡੋਬਿਆ ਹੋਇਆ ਹੈ | ਹੁਣ ਇਸ ਚਿੱਟੀ ਵੇਂਈਾ ਦੇ ਆਪ ਮੁਹਾਰੇ ਹੋਏ ਪਾਣੀ ਨੇ ਆਪਣਾ ਅਧਾਰ ਵਧਾਉਂਦੇ ਹੋਏ ਨਵਾਂ ਪਿੰਡ ਖਾਲੇਵਾਲ ਦੇ ਸਰਕਾਰੀ ਸਕੂਲ ਅਤੇ ਖੇਡ ਸਟੇਡੀਅਮ ਨੂੰ ਵੀ ਡੋਬ ਦਿਤਾ ਹੈ | ਇਸ ਮੌਕੇ ਨਵਾਂ ਪਿੰਡ ਖਾਲੇਵਾਲ ਵਿਖੇ ਪੁੱਜੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿਥੇ ਸਥਿਤੀ ਦਾ ਜਾਇਜਾ ਲਿਆ ਉਥੇ ਸਾਰੇ ਪਿੰਡ ਵਾਸੀਆਂ ਵੱਲੋਂ ਚਿੱਟੀ ਵੇਂਈ ਦੇ ਪਿੰਡ ਵੱਲ ਨੂੰ ਜਾਂਦੇ ਪਾਣੀ ਨੂੰ ਰੋਕਣ ਦੀ ਕੀਤੀ ਸਫ਼ਲ ਕੋਸ਼ਿਸ਼ ਦੀ ਵੀ ਸਰਾਹਨਾ ਕੀਤੀ ਗਈ | ਨਵਾਂ ਪਿੰਡ ਦੋਨੇਵਾਲ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਪਿੰਡ ਮੱਖੀ ਦੇ ਪੁੱਲ ਨੇੜਲੀ ਫਸਲ ਨੂੰ ਪਾਣੀ ਨੇ ਡੋਬ ਦਿੱਤਾ ਹੈ ਅਤੇ ਇਸ ਦਾ ਫੈਲਾਅ ਰਾਤੋ ਰਾਤ ਵੱਧ ਕੇ ਦੂਰ ਤੱਕ ਚਲਾ ਜਾਵੇਗਾ |