ਸ਼ਾਹਕੋਟ, 1 ਸਤੰਬਰ (ਨਗਿੰਦਰ ਸਿੰਘ ਬਾਂਸਲ)-ਲਗਾਤਾਰ ਪੈ ਰਹੇ ਮੀਂਹ ਅਤੇ ਭਾਖੜਾ ਡੈਮ ਤੋਂ ਛੱਡੇ ਪਾਣੀ ਕਾਰਨ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧ ਰਿਹਾ ਹੈ ਤੇ ਤੇਜ਼ ਵਹਿ ਰਹੇ ਪਾਣੀ ਨਾਲ ਪਿੰਡ ਥੰਮੂਵਾਲ ਦੇ ਸਾਹਮਣੇ ਧੁੱਸੀ ਬੰਨ੍ਹ ਦੀ ਬੁਰਜੀ ਨੰਬਰ 96 ਕੋਲ ਬਣੀ ਨੋਚ ਨੂੰ ਲੱਗੀ ਢਾਹ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਗਿਆ | ਇਸ ਮੌਕੇ ਲਾਡੀ ਸ਼ੇਰੋਵਾਲੀਆ ਨੇ ਬੰਨ੍ਹ ਦੀ ਨੋਚ ਨੂੰ ਪਾਣੀ ਦੀ ਲੱਗ ਰਹੀ ਢਾਹ ਨੂੰ ਰੋਕਣ ਲਈ ਤਹਿਸੀਲਦਾਰ ਸ਼ਾਹਕੋਟ ਜਸਪਾਲ ਸਿੰਘ ਬਾਜਵਾ, ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ | ਇਸ ਨਾਜ਼ੁਕ ਹੋ ਰਹੀ ਸਥਿਤੀ ਤੋਂ ਜਾਣੂ ਕਰਵਾਉਣ ਲਈ ਸ਼ੇਰੋਵਾਲੀਆ ਨੇ ਡਿਪਟੀ ਕਮਿਸ਼ਨਰ ਜਲੰਧਰ ਅਤੇ ਡਰੇਨਜ਼ ਵਿਭਾਗ ਦੇ ਐਕਸੀਅਨ ਸਰਤਾਜ ਸਿੰਘ ਰੰਧਾਵਾ ਨਾਲ ਫੋਨ 'ਤੇ ਗੱਲਬਾਤ ਕੀਤੀ | ਸ਼ੇਰੋਵਾਲੀਆਂ ਨੇ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਕਿ ਦੋਨਾਂ ਖੇਤਰ ਦੀ ਰੇਤਲੀ ਜ਼ਮੀਨ ਤੋਂ ਮਿੱਟੀ ਲਿਆ ਕੇ ਦਰਿਆ ਦੇ ਨਾਜ਼ੁਕ ਥਾਵਾਂ 'ਤੇ ਸੁੱਟੀ ਜਾਵੇ | ਇਸ ਸੁਝਾਅ ਨੂੰ ਮੰਨਦਿਆਂ ਉੱਚ ਅਧਿਕਾਰੀਆਂ ਨੇ ਇਸ ਨੂੰ ਅਮਲ ਵਿੱਚ ਲਿਆਉਣ ਦਾ ਭਰੋਸਾ ਦਿੱਤਾ | ਇਸੇ ਦੌਰਾਨ ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ | ਲੋਕਾਂ ਨੇ ਦੱਸਿਆ ਕਿ ਪੱਕੇ ਮਕਾਨ ਢਹਿ ਰਹੇ ਹਨ | ਬਹੁਤੇ ਮਕਾਨਾਂ ਦੀਆਂ ਛੱਤਾਂ ਚੋਅ ਰਹੀਆਂ ਹਨ | ਪਸ਼ੂਆਂ ਦਾ ਚਾਰਾ ਪਾਣੀ ਵਿੱਚ ਡੁੱਬ ਗਿਆ ਹੈ | ਮੁਸ਼ਕਿਲਾਂ ਸੁਣਨ ਉਪਰੰਤ ਵਿਧਾਇਕ ਸ਼ੇਰੋਵਾਲੀਆ ਨੇ ਤਰਪਾਲਾਂ ਅਤੇ ਪਸ਼ੂਆਂ ਦੇ ਚਾਰੇ ਦਾ ਫੌਰੀ ਪ੍ਰਬੰਧ ਕਰਨ ਲਈ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ | ਇਸ ਉਪਰੰਤ ਹਲਕਾ ਵਿਧਾਇਕ ਲਾਡੀ ਸ਼ੇਰੋਵਾਲੀਆ ਵਲੋਂ ਬੂੜੇਵਾਲ ਅਤੇ ਹਾਥੀਆਣਾ ਦੇ ਬੰਨ੍ਹ 'ਤੇ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆਂ | ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਸੁਖਦੀਪ ਸਿੰਘ ਕੰਗ ਪੀ.ਏ., ਸਾਬਕਾ ਸਰਪੰਚ ਚਰਨਜੀਤ ਥੰਮੂਵਾਲ, ਜਗਤਾਰ ਸਿੰਘ ਸਾਬਕਾ ਸਰਪੰਚ ਬਾਜਵਾ ਕਲਾਂ, ਜਸਵਿੰਦਰ ਗਿੱਲ (ਫੁੰਮਣ) ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਟਿੰਪੀ ਕੁਮਰਾ ਸੀਨੀਅਰ ਕਾਂਗਰਸੀ ਆਗੂ, ਬੰਟੀ ਬਠਲਾ ਪ੍ਰਧਾਨ ਵਾਤਾਵਰਨ ਸੁਧਾਰ ਸੁਸਾਇਟੀ, ਗੁਰਮੇਜ ਸਿੰਘ ਲਾਲੀ ਸਾਬਕਾ ਸਰਪੰਚ ਸੰਢਾਵਾਲ, ਮੇਜਰ ਸਿੰਘ ਬਾਜਵਾ, ਹਰਜਿੰਦਰ ਸਿੰਘ ਨੰਬਰਦਾਰ ਬਾਹਮਣੀਆਂ, ਗੁਰਮੀਤ ਸਿੰਘ ਬੱਬੂ ਸਾਬਕਾ ਸਰਪੰਚ, ਨਿਸ਼ਾਨ ਸਿੰਘ ਥੰਮੂਵਾਲ, ਰਘਬੀਰ ਸਿੰਘ ਪੰਚ ਥੰਮੂਵਾਲ, ਮੰਗੀ ਚੱਕ ਬਾਹਮਣੀਆਂ, ਬਲਕਾਰ ਸਿੰਘ ਖਾਲਸਾ ਨਾਰੰਗਪੁਰ, ਦਰਸ਼ਨ ਸਿੰਘ ਹਾਥੀਆਣਾ, ਸੁਖਦੇਵ ਸਿੰਘ ਸਾਬਕਾ ਸਰਪੰਚ ਹਾਥੀਆਣਾ, ਜਤਿੰਦਰ ਸਿੰਘ ਨੰਬਰਦਾਰ ਪਰਜੀਆਂ ਖੁਰਦ ਆਦਿ ਮੌਜੂਦ ਸਨ |