ਸ਼ਾਹਕੋਟ, 5 ਸਤੰਬਰ (ਸੁਖਦੀਪ ਸਿੰਘ)-ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਫ਼ੈਸਲੇ ਅਨੁਸਾਰ ਅੱਜ ਜ਼ਿਲ੍ਹਾ ਜਲੰਧਰ 'ਚ ਐੱਸ.ਡੀ.ਐੱਮ. ਦਫ਼ਤਰ ਸ਼ਾਹਕੋਟ ਵਿਖੇ ਮੌਜੂਦ ਅਧਿਕਾਰੀਆਂ ਨੂੰ ਹੜ੍ਹਾਂ ਕਾਰਨ ਹੋਈ ਬਰਬਾਦੀ ਦੀ ਪੂਰਤੀ ਸੰਬੰਧੀ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ | ਸ਼ਾਹਕੋਟ ਵਿਖੇ ਬਲਾਕ ਪ੍ਰਧਾਨ ਬਲਕਾਰ ਸਿੰਘ ਫਾਜ਼ਲਵਾਲ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ 'ਚ ਇਕੱਠ ਕਰਕੇ ਮੰਗ ਪੱਤਰ ਵਿੱਚ ਸ਼ਾਮਲ ਮੰਗਾਂ ਬਾਰੇ ਚਾਨਣਾ ਪਾਉਂਦਿਆਂ ਜਥੇਬੰਦੀ ਨੇ ਮੰਗ ਕੀਤੀ ਗਈ ਕਿ ਬੱਦਲ ਫਟਣ ਅਤੇ ਭਾਰੀ ਬਾਰਿਸ਼ਾਂ ਕਾਰਨ ਆਏ ਹੜ੍ਹਾਂ ਨੂੰ ਕੌਮੀ ਆਫ਼ਤ ਐਲਾਨਿਆ ਜਾਵੇ ਅਤੇ ਕੌਮੀ ਆਫ਼ਤ ਫੰਡ ਫੌਰੀ ਜਾਰੀ ਕੀਤਾ ਜਾਵੇ, ਹੜ੍ਹਾਂ ਕਾਰਨ ਇਨਸਾਨੀ ਮੌਤਾਂ, ਪਾਲਤੂ ਪਸ਼ੂਆਂ, ਘਰਾਂ, ਫ਼ਸਲਾਂ, ਜ਼ਮੀਨਾਂ, ਸਹਾਇਕ ਧੰਦਿਆਂ, ਜ਼ਰੂਰੀ ਉਸਾਰੀ ਢਾਂਚੇ ਆਦਿ ਦੇ ਨੁਕਸਾਨ ਦੀ ਪੂਰਤੀ ਲਈ ਫੰਡ ਜਾਰੀ ਕੀਤੇ ਜਾਣ, ਪ੍ਰਦੂਸ਼ਣ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਅਗਾਊਾ ਪ੍ਰਬੰਧ ਕੀਤੇ ਜਾਣ | ਨਦੀਆਂ, ਨਾਲਿਆਂ, ਡਰੇਨਾਂ, ਦਰਿਆਵਾਂ, ਫਲੱਡ ਗੇਟਾਂ ਦੇ ਅਗਾਊਾ ਰੱਖ-ਰਖਾਵ, ਸਫ਼ਾਈ ਅਤੇ ਮੁਰੰਮਤ 'ਚ ਅਣਗਹਿਲੀ ਵਰਤਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ | ਦਰਿਆਵਾਂ, ਨਹਿਰਾਂ ਅਤੇ ਡੈਮਾਂ ਦੇ ਪੁਰਾਣੇ ਢਾਂਚੇ ਨੂੰ ਨਵਿਆਇਆ ਜਾਵੇ ਅਤੇ ਹੜ੍ਹਾਂ ਤੋਂ ਰੋਕਥਾਮ ਲਈ ਬਜਟ ਰਾਖਵਾਂ ਰੱਖਿਆ ਜਾਵੇ, ਕਾਰਪੋਰੇਟ ਪੱਖੀ ਵਿਕਾਸ ਮਾਡਲ ਨੂੰ ਤਿਆਗ ਕੇ ਕਾਰਪੋਰੇਟ ਪੱਖੀ ਨੀਤੀਆਂ ਰੱਦ ਕੀਤੀਆਂ ਜਾਣ | ਇਸ ਮੌਕੇ ਬਲਾਕ ਸ਼ਾਹਕੋਟ ਦੀਆਂ ਵੱਖ-ਵੱਖ ਇਕਾਈਆਂ ਦੇ ਅਹੁਦੇਦਾਰ ਅਤੇ ਸਰਗਰਮ ਮੈਂਬਰ ਹਾਜ਼ਰ ਹੋਏ |