ਲੋਹੀਆਂ ਖਾਸ, 31 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਦੇ ਬਜ਼ੁਰਗ ਆਗੂ ਸਰਪੰਚ ਜਸਬੀਰ ਸਿੰਘ ਛਾਬੜਾ ਦੀ ਸੁਨਿਆਰ ਦੀ ਦੁਕਾਨ 'ਤੇ 'ਅੱਧੀ ਟੁੱਟੀ ਚੈਨੀ' ਲੈ ਕੇ ਆਏ 2 'ਸ਼ੱਕੀ ਲੁਟੇਰਿਆਂ' ਦੀ ਕਹਾਣੀ ਉਸ ਵੇਲੇ 'ਸੱਚੀ ਸਾਬਿਤ' ਹੋ ਗਈ ਜਦੋਂ ਇਕੱਲੇ 'ਅਜੀਤ' 'ਚ ਪ੍ਰਮੁੱਖਤਾ ਨਾਲ ਛੱਪੀ ਖਬਰ ਨੂੰ ਦੇਖਦੇ ਹੋਏ ਆਰ.ਸੀ.ਐੱਫ਼ ਦੇ ਵਾਸੀ ਅਤੇ 'ਅੱਧੀ ਟੁੱਟੀ ਚੈਨੀ' ਦੇ ਅਸਲੀ ਮਾਲਕ ਲੋਹੀਆਂ ਪੁੱਜ ਗਏ | ਉਨ੍ਹਾਂ ਸਰਪੰਚ ਜਸਬੀਰ ਸਿੰਘ ਛਾਬੜਾ ਅਤੇ 'ਥਾਣਾ ਲੋਹੀਆਂ ਦੇ ਮੁੱਖੀ ਗੁਰਸ਼ਰਨ ਸਿੰਘ ਨਾਲ ਬੀਤੇ ਕੱਲ੍ਹ ਮੁਲਾਕਾਤ ਕੀਤੀ ਅਤੇ 'ਬਾਕੀ ਚੈਨੀ' ਪੇਸ਼ ਕਰਦਿਆਂ 'ਬਾ-ਹਿਫ਼ਾਜ਼ਤ' ਰੱਖੀ ਚੈਨੀ ਥਾਣੇ ਤੋਂ ਪ੍ਰਾਪਤ ਕਰਕੇ ਸਰਪੰਚ ਜਸਬੀਰ ਸਿੰਘ ਛਾਬੜਾ ਅਤੇ ਅਦਾਰਾ 'ਅਜੀਤ' ਦਾ ਵੀ ਧੰਨਵਾਦ ਕੀਤਾ | ਇਸ ਲੁੱਟ ਖੋਹ ਦਾ ਅਗਲਾ ਵਰਕਾ ਅੱਜ ਉਸ ਵੇਲੇ ਥੱਲਿਆ ਗਿਆ ਜਦੋਂ ਰੇਲਵੇ ਪੁਲਿਸ ਦੇ ਸਬ ਇੰਸਪੈਕਟਰ ਅਜੈ ਕੁਮਾਰ, ਕਾਂਸਟੇਬਲ ਅਜੈ ਕੁਮਾਰ, ਗੁਰਪ੍ਰੀਤ ਸਿੰਘ ਅਤੇ ਹਰੀਸ਼ ਸੈਣੀ ਦੇ ਅਧਾਰਤ ਇੱਕ ਟੀਮ ਵੱਲੋਂ ਆਰ.ਸੀ.ਐੱਫ਼ ਕਲੋਨੀ ਵਿਖੇ ਹੋਈ ਇਸ ਲੁੱਟ ਖੋਹ ਦੀ ਘਟਨਾ ਸਬੰਧੀ ਜਾਂਚ ਨੂੰ ਅੱਗੇ ਵਧਾਉਂਦਿਆਂ 'ਲੁਟੇਰਿਆਂ' ਵੱਲੋਂ ਇੱਕ ਘੰਟਾ ਪਹਿਲਾਂ ਹੀ ਕੀਤੀ ਲੁੱਟ ਦੀ ਨਵੀਂ 'ਫਿਲਮੀ ਕਹਾਣੀ' ਤੋਂ ਪਰਦਾ ਚੁੱਕਣ ਵਾਲੇ ਸੁਨਿਆਰਾ ਸਰਪੰਚ ਜਸਬੀਰ ਸਿੰਘ ਛਾਬੜਾ ਨਾਲ ਮੁਲਾਕਾਤ ਕੀਤੀ | ਉਨ੍ਹਾਂ ਜਿਥੇ ਸਰਪੰਚ ਜਸਬੀਰ ਸਿੰਘ ਛਾਬੜਾ ਦੀ 'ਹੌਂਸਲੇ ਦੀ ਦਾਦ' ਦਿੱਤੀ ਉਨ੍ਹਾਂ ਵੱਲੋਂ 'ਅੱਧੀ ਚੈਨੀ' ਨੂੰ ਥਾਣੇ ਪਹੁੰਚਾਉਣ ਵਾਲੀ 'ਇਮਾਨਦਾਰੀ' ਦੀ ਵੀ ਤਾਰੀਫ਼ ਕੀਤੀ | ਸਬ ਇੰਸਪੈਕਟਰ ਅਜੈ ਕੁਮਾਰ ਨੇ ਦੱਸਿਆ ਕਿ ਆਰ.ਸੀ.ਐੱਫ਼ ਦੀ ਕਾਲੋਨੀ ਵਿਖੇ 23 ਅਕਤੂਬਰ ਨੂੰ ਬਾਅਦ ਦੁਪਹਿਰ ਹੋਈ ਲੁੱਟ ਖੋਹ ਦੌਰਾਨ ਲੁਟੇਰੇ 'ਅੱਧੀ ਟੁੱਟੀ ਚੈਨੀ' ਲੈ ਕੇ ਥੋੜੇ ਸਮੇਂ ਬਾਅਦ ਹੀ ਲੋਹੀਆਂ ਵਿਖੇ ਪੁੱਜ ਗਏ ਸਨ, ਪਰ ਸਨਿਆਰ ਸਰਪੰਚ ਜਸਬੀਰ ਸਿੰਘ ਛਾਬੜਾ ਦੀ ਪਾਰਖੂ ਅੱਖ ਨੇ 'ਥੋੜ੍ਹੇ ਚਿਰ ਦੇ ਮਾਲਕ ਬਣੇ ਨੌਜਵਾਨਾਂ ਨੂੰ ਲੁਟੇਰੇ' ਸਾਬਿਤ ਕਰ ਦਿੱਤਾ, ਜਿਸਦੀ ਜਾਂਚ ਪੜਤਾਲ ਜਾਰੀ ਹੈ ਅਤੇ ਇਸ ਲੁੱਟ ਦੇ ਲੁਟੇਰਿਆਂ ਨੂੰ ਜਲਦੀ ਗਿ੍ਫ਼ਤ ਵਿੱਚ ਲੈ ਲਿਆ ਜਾਵੇਗਾ |