ਲੋਹੀਆਂ ਖਾਸ, 31 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬਲਾਕ ਦੇ ਪਿੰਡ ਰਾਈਵਾਲ ਬੇਟ (ਕੋਠੇ) 'ਚ ਨÏਜਵਾਨਾਂ ਦੇ ਦੋ ਧੜਿ੍ਹਆਂ ਦੀ ਆਪਸੀ ਲੜਾਈ 'ਚ ਇਕ ਨÏਜਵਾਨ ਗੰਭੀਰ ਜਖਮੀਂ ਹੋ ਗਿਆ ਅਤੇ ਦੋਹਾਂ ਵੱਲੋਂ ਇੱਕ ਦੂਜੇ ਦੇ ਘਰਾਂ ਨੂੰ ਭੰਨ੍ਹ ਕੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣਾਈ ਰੱਖਿਆ | ਇਸ ਸਬੰਧੀ ਲੋਹੀਆਂ ਪੁਲਿਸ ਨੂੰ ਜਾਣਕਾਰੀ ਦੇਣ ਪੁੱਜੀ ਜੋਬਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਨਿਵਾਸੀ ਕੋਠੇ ਰਾਈਵਾਲ ਬੇਟ ਦੀ ਦਾਦੀ ਬਲਵਿੰਦਰ ਕੌਰ ਨੇ ਦੱਸਿਆ ਕਿ ਬਾਅਦ ਦੁਪਹਿਰ ਕੁਝ ਨੌਜਵਾਨਾਂ ਨੇ ਜੋਬਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਦੇ ਘਰ ਉੱਪਰ ਹਮਲਾ ਕਰ ਦਿੱਤਾ ਤੇ ਜਦੋਂ ਉਹ ਘਰ ਨਾ ਮਿਲਿਆ ਤਾਂ ਉਸ ਨੂੰ ਲੋਹੀਆਂ ਵਿਖੇ ਰਾਈਵਾਲ ਮੋੜ 'ਤੇ ਜਾ ਘੇਰਿਆ ਅਤੇ ਗੱਡੀ 'ਚੋਂ ਘੜੀਸ ਕੇ ਬਾਹਰ ਕੱਢ ਕੇ ਡਾਂਗਾਂ ਤੇ ਹੋਰ ਹਥਿਆਰਾਂ ਨਾਲ ਬੁਰੀ ਤਰਾਂ ਕੁੱਟਿਆ | ਜਿਸ ਨਾਲ ਜੋਬਨਪ੍ਰੀਤ ਬੁਰੀ ਤਰਾਂ ਜ਼ਖਮੀ ਹੋ ਗਿਆ, ਜਿਸ ਨੂੰ ਜ਼ਖ਼ਮੀ ਹਾਲਤ 'ਚ ਇਲਾਜ ਲਈ ਸਿਵਲ ਹਸਪਤਾਲ ਲੋਹੀਆਂ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਰੈਫ਼ਰ ਕਰਦੇ ਹੋਏ ਜਲੰਧਰ ਭੇਜ ਦਿੱਤਾ ਗਿਆ ਹੈ | ਉਨਾਂ ਦੋਸ਼ ਲਾਇਆ ਕਿ ਕਥਿਤ ਦੋਸ਼ੀ ਪਿੰਡ ਵਿੱਚ ਨਸ਼ਾ ਵੇਚਦੇ ਹਨ ਅਤੇ ਉਨ੍ਹਾਂ ਵੱਲੋਂ ਜੋਬਨਪ੍ਰੀਤ ਸਿੰਘ ਦੇ 15 ਸਾਲਾ ਛੋਟੇ ਭਰਾ ਨੂੰ ਚਿੱਟੇ 'ਤੇ ਲੱਗਾ ਕੇ ਨਸ਼ੇੜੀ ਬਣਾਇਆ ਜਾ ਰਿਹਾ ਹੈ ਅਤੇ ਜਦੋਂ ਜੋਬਨ ਅਤੇ ਸਾਡੇ ਪਰਿਵਾਰ ਨੇ ਉਨ੍ਹਾਂ ਨੂੰ ਇਸ ਕੰਮ ਤੋਂ ਰੋਕਿਆ ਤਾਂ ਗੁੱਸੇ 'ਚ ਆ ਕੇ ਉਹ ਪੰਜ ਸੱਤ ਨੌਜਵਾਨਾਂ ਨੂੰ ਨਾਲ ਲੈ ਕੇ ਸਾਡੇ ਘਰ ਆਏ, ਜਿਥੇ ਉਨ੍ਹਾਂ ਨੇ ਘਰ 'ਚ ਭੰਨ ਤੋੜ ਕਰਨ ਤੋਂ ਬਾਅਦ ਲੋਹੀਆਂ ਪੁੱਜ ਕੇ ਉਨ੍ਹਾਂ ਦੇ ਪੋਤਰੇ ਜੋਬਨਪ੍ਰੀਤ ਸਿੰਘ ਨੂੰ ਕਾਰ 'ਚੋਂ ਕੱਢ ਕੇ ਸੱਟਾਂ ਮਾਰੀਆਂ ਹਨ | ਉਨ੍ਹਾਂ ਪੁਲਿਸ ਕੋਲ ਖ਼ਦਸ਼ਾ ਜ਼ਾਹਿਰ ਕੀਤਾ ਹੈ, ਕਿ ਹੋ ਸਕਦਾ ਹੈ ਕਿ ਰਾਤ ਨੂੰ ਫਿਰ ਤੋਂ ਸਾਡੇ ਘਰ 'ਤੇ ਹਮਲਾ ਕੀਤਾ ਜਾਵੇ | ਉੱਧਰ ਦੂਜੇ ਪਾਸੇ ਪ੍ਰਵੀਨ ਕੌਰ ਪਤਨੀ ਪਲਵਿੰਦਰ ਸਿੰਘ ਵਾਸੀ ਕੋਠੇ ਪਿੰਡ ਰਾਈਵਾਲ ਬੇਟ ਨੇ ਲੋਹੀਆਂ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਸਵੇਰੇ 11 ਕੁ ਵਜੇ ਜਦੋਂ ਸਾਡੇ ਘਰ ਕੋਈ ਨਹੀਂ ਸੀ ਤਾਂ ਉਸ ਵੇਲੇ ਸਾਡੇ ਪਿੰਡ ਦੇ ਹੀ ਰੋਹਿਤ ਸਿੰਘ ਪੁੱਤਰ ਅਮਰਜੀਤ ਸਿੰਘ, ਜੋਬਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਅਤੇ ਪਾਲੂ ਪੁੱਤਰ ਦੇਬੀ 3, 4 ਨੌਜਵਾਨਾਂ ਨੂੰ ਨਾਲ ਲੈ ਕੇ ਸਾਡੇ ਗੇਟ ਟੱਪ ਕੇ ਸਾਡੇ ਘਰ ਦਾਖਲ ਹੋਏ ਅਤੇ ਉਨ੍ਹਾਂ ਨੇ ਹਮਲਾ ਕਰਦੇ ਹੋਏ ਸਾਡੇ ਘਰ ਦੇ ਸ਼ੀਸ਼ੇ, ਸੀ.ਸੀ.ਟੀ.ਵੀ. ਕੈਮਰੇ ਆਦਿ ਦੀ ਭੰਨਤੋੜ ਕਰ ਦਿੱਤੀ | ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਦੋਸ਼ੀਆਂ ਨੇ ਪੁਰਾਣੀ ਰੰਜ਼ਿਸ਼ ਦੇ ਚਲਦੀ ਕੀਤੀ ਹੈ | ਇਸ ਸਬੰਧੀ ਸ਼ਾਹਕੋਟ ਦੇ ਡੀ.ਐੱਸ.ਪੀ. ਉਂਕਾਰ ਸਿੰਘ ਬਰਾੜ ਅਤੇ ਲੋਹੀਆਂ ਦੇ ਥਾਣਾ ਮੁੱਖੀ ਗੁਰਸ਼ਰਨ ਸਿੰਘ ਨੇ ਕਿਹਾ ਕਿ ਘਟਨਾ ਸਬੰਧੀ ਜਾਂਚ ਆਰੰਭ ਕਰ ਦਿੱਤੀ ਹੈ ਅਤੇ ਇਲਾਕੇ 'ਚ ਕਾਨੂੰਨ ਨੂੰ ਹੱਥ 'ਚ ਲੈ ਕੇ ਅਸ਼ਾਂਤੀ ਪੈਦਾ ਕਰਨ ਵਾਲੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਕੇ ਮਿਸਾਲ ਪੈਦਾ ਕਰਾਂਗੇ |