ਨਕੋਦਰ, 31 ਅਕਤੂਬਰ (ਗੁਰਵਿੰਦਰ ਸਿੰਘ)-ਸਥਾਨਕ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ ਦੇ 6ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਟਾਟਾ ਬਿਲਡਿੰਗ ਇੰਡੀਆ ਸਕੂਲ ਵੱਲੋਂ 'ਸੈਲਫ ਰਿਲਾਇੰਟ ਇੰਡੀਆ' (ਆਤਮ-ਨਿਰਭਰ ਭਾਰਤ) ਵਿਸ਼ੇ 'ਤੇ ਕਰਵਾਏ ਲੇਖ ਮੁਕਾਬਲੇ ਵਿੱਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ | ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਲੇਖਨ ਕਲਾ ਨੂੰ ਪ੍ਰੋਤਸਾਹਿਤ ਕਰਨਾ ਅਤੇ ਉਨ੍ਹਾਂ ਵਿੱਚ ਸਮਾਜਿਕ ਜਾਗਰੂਕਤਾ ਪੈਦਾ ਕਰਨੀ ਸੀ | ਵਿਦਿਆਰਥੀਆਂ ਨੇ ਦਿੱਤੇ ਗਏ ਵਿਸ਼ੇ 'ਤੇ ਆਪਣੇ ਵਿਚਾਰ ਬਹੁਤ ਹੀ ਸੁੰਦਰ ਢੰਗ ਨਾਲ ਪ੍ਰਗਟ ਕੀਤੇ | ਇਸ ਮੌਕੇ ਸਕੂਲ ਪਿ੍ੰਸੀਪਲ ਪੰਕਜ ਸ਼ਰਮਾ ਨੇ ਵਿਦਿਆਰਥੀਆਂ ਦੇ ਜਜ਼ਬੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਵਿੱਚ ਰਚਨਾਤਮਕ ਸੋਚ ਅਤੇ ਆਤਮ ਵਿਸ਼ਵਾਸ ਵਧਾਉਂਦੇ ਹਨ ਤੇ ਉਨ੍ਹਾਂ ਦੀ ਕਲਪਨਾ ਸ਼ਕਤੀ ਨੂੰ ਮਜ਼ਬੂਤ ਕਰਦੇ ਹਨ | ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਇੰਡੋ ਸਵਿਸ ਸਕੂਲ ਹਮੇਸ਼ਾਂ ਵਿਦਿਆਰਥੀਆਂ ਨੂੰ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਐਕਸਟਰਾ ਕਰਿਕੂਲਰ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦਾ ਹੈ | ਇਸ ਮੌਕੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਵਿਪਨ ਸ਼ਰਮਾ, ਚੈਅਰਪਰਸਨ ਮੈਡਮ ਜਯੋਤੀ ਸ਼ਰਮਾ ਅਤੇ ਐੱਮ.ਡੀ ਸ਼ਿਵਮ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਕਿਹਾ ਕਿ ਟਾਟਾ ਬਿਲਡਿੰਗ ਇੰਡੀਆ ਵੱਲੋਂ ਆਯੋਜਿਤ ਲੇਖ ਮੁਕਾਬਲਾ ਵਿਦਿਆਰਥੀਆਂ ਦੀ ਸੋਚ, ਲਿਖਣ ਦੀ ਯੋਗਤਾ ਅਤੇ ਸਮਾਜਿਕ ਜਿੰਮੇਵਾਰੀ ਦੇ ਭਾਵ ਨੂੰ ਮਜ਼ਬੂਤ ਕਰਨ ਲਈ ਇਕ ਵਧੀਆ ਪਲੇਟਫਾਰਮ ਹੈ | ਮੈਨੇਜਮੈਂਟ ਨੇ ਉਮੀਦ ਜਤਾਈ ਕਿ ਵਿਦਿਆਰਥੀ ਅੱਗੇ ਵੀ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣਗੇ |