ਮਲਸੀਆਂ/ਸ਼ਾਹਕੋਟ, 31 ਅਕਤੂਬਰ (ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 1ਓ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ, ਸੀਚੇਵਾਲ (ਸ਼ਾਹਕੋਟ) ਵਲੋਂ ਤੀਸਰਾ ਹਰਾ ਨਗਰ ਕੀਰਤਨ 2 ਨਵੰਬਰ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਮਲ ਕੁਟੀਆ ਸੀਚੇਵਾਲ ਦੇ ਪ੍ਰਬੰਧਕ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਰਮਲ ਕੁਟੀਆ ਸੀਚੇਵਾਲ ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨ ਦੀ ਲੜੀ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਤੀਸਰਾ ਹਰਾ ਨਗਰ ਕੀਰਤਨ ਸਜਾਇਆ ਜਾਵੇਗਾ | ਇਹ ਨਗਰ ਕੀਰਤਨ ਨਿਰਮਲ ਕੁਟੀਆ ਸੀਚੇਵਾਲ ਤੋਂ ਆਰੰਭ ਹੋ ਕੇ ਮਾਲਾ, ਸੋਹਲ ਖ਼ਾਲਸਾ, ਤਲਵੰਡੀ ਮਾਧੋ, ਅਹਿਮਦਪੁਰ, ਸ਼ੇਰਪੁਰ ਦੋਨਾਂ, ਮਨਿਆਲਾ, ਤੋਤੀ, ਨਸੀਰੇਵਾਲ, ਮੁਹਬਲੀਪੁਰ, ਫੌਜੀ ਕਲੋਨੀ, ਝੱਲ ਲੇਈ ਵਾਲਾ ਅਤੇ ਰਣਧੀਰਪੁਰ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ | ਨਗਰ ਕੀਰਤਨ ਦੌਰਾਨ ਸਾਰਾ ਸਮਾਂ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਜਿੱਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਾਉਣਗੇ, ਉੱਥੇ ਵਾਤਾਵਰਨ ਦੀ ਸਾਂਭ-ਸੰਭਾਲ ਲਈ ਸੰਗਤਾਂ ਨੂੰ ਪ੍ਰੇਰਿਤ ਕਰਨਗੇ | ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੋ ਨਗਰ ਕੀਰਤਨ ਗੁਰਦੁਆਰਾ ਗੁਰੂਸਰ ਸਾਹਿਬ ਸੈਫਲਾਬਾਦ ਅਤੇ ਆਹਲੀ ਖੁਰਦ ਤੋਂ ਸਜਾਏ ਜਾ ਚੁੱਕੇ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੱਕ ਕੁੱਲ 6 ਨਗਰ ਕੀਰਤਨ ਸਜਾਏ ਜਾਣਗੇ | ਉਹਨਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੰਗਤਾਂ ਨਗਰ ਕੀਰਤਨ 'ਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ |