ਜਲੰਧਰ, 7 ਦਸੰਬਰ (ਪਵਨ ਖਰਬੰਦਾ)-ਗੱਲਬਾਤ ਕਰਦੇ ਹੋਏ ਇੰਜ. ਰਾਜਵਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਲੋਂ ਚੁੱਪ ਚਪੀਤੇ ਐਨ. ਓ. ਸੀ. ਤੇ ਸੀ. ਐਲ. ਯੂ. ਦੇ ਰੇਟ ਤਕਰੀਬਨ ਦੁੱਗਣੇ ਕਰ ਦਿੱਤੇ ਗਏ ਹਨ, ਜਿਸ ਨਾਲ ਆਮ ਜਨਤਾ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ, ਜੋ ਰੇਟ ਐਨ. ਓ. ਸੀ. ਦਾ 488 ਰੁਪਏ ਗਜ ਸੀ ਉਹ ਹੁਣ 865 ਪ੍ਰਤੀ ਗਜ ਕਰ ਦਿੱਤਾ ਗਿਆ ਹੈ | ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਵਧੇ ਹੋਏ ਰੇਟ ਜੂਨ 2025 ਤੋਂ ਲਾਗੂ ਕੀਤੇ ਗਏ ਹਨ ਯਾਨੀ ਜਿਨ੍ਹਾਂ ਲੋਕਾਂ ਨੇ ਜੂਨ ਮਹੀਨੇ ਤੋਂ ਐਨ. ਓ. ਸੀ. ਦੀ ਫੀਸ ਪੁਰਾਣੇ ਰੇਟ ਨਾਲ ਲਈ ਹੋਈ ਹੈ ਉਨ੍ਹਾਂ ਨੂੰ ਹੁਣ ਨਵੇਂ ਰੇਟ ਦੇ ਹਿਸਾਬ ਨਾਲ ਹੋਰ ਫੀਸ ਦੈਣੀ ਪਵੇਗੀ | ਇੰਜ. ਰਾਜਵਿੰਦਰ ਸਿੰਘ ਰਾਜਾ ਨੇ ਗੱਲਬਾਤ ਦੌਰਾਨ ਕਿਹਾ ਕਿ ਵਧੇ ਹੋਈ ਐਨ. ਓ. ਸੀ. ਦੇ ਰੇਟ ਨਾਲ ਪ੍ਰਾਪਰਟੀ ਦੇ ਕੰਮ 'ਚ ਵੀ ਭਾਰੀ ਕਮੀ ਦੇਖਣ ਨੂੰ ਮਿਲੇਗੀ | ਬਿਨਾ ਐਨ. ਓ. ਸੀ. ਤੋਂ ਰਜਿਸਟਰੀ ਨਹੀਂ ਹੁੰਦੀ ਅਤੇ ਨਾ ਹੀ ਬਿਨਾ ਐਨ. ਓ. ਸੀ. ਤੋਂ ਨਕਸ਼ਾ ਪਾਸ ਹੁੰਦਾ ਹੈ | ਇੰਜ. ਰਾਜਾ ਨੇ ਕਿਹਾ ਕਿ ਸਰਕਾਰ ਨੂੰ ਵਧੇ ਹੋਏ ਰੇਟ ਬਾਰੇ ਤੇ ਆਮ ਜਨਤਾ ਬਾਰੇ ਕੁਝ ਸੋਚਣਾ ਚਾਹੀਦਾ ਹੈ |