ਜਲੰਧਰ, 20 ਦਸੰਬਰ (ਚੰਦੀਪ ਭੱਲਾ)-ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਆਦੇਸ਼ਾਂ ਦੀ ਪਾਲਨਾ ਹਿਤ ਜ਼ਿਲ੍ਹਾ ਪੱਧਰੀ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਡੀ.ਸੀ.ਪੀ.ਓ ਅਜੇ ਭਾਰਤੀ, ਲੀਗਲ ਅਫ਼ਸਰ ਸੰਦੀਪ ਅਜੇ ਭਾਟੀਆ ਵਲੋਂ ਬਾਲ ਭਿੱਖਿਆ ਰੋਕਣ ਲਈ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ 10 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲ ਭੀਖ ਮੰਗਣ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਏ ਜਾ ਰਹੇ 'ਜੀਵਨਜੋਤ ਪ੍ਰਾਜੈਕਟ' ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ | ਸ. ਸਿੰਘ ਨੇ ਦੱਸਿਆ ਕਿ ਉਨ੍ਹਾਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੈ ਭਾਰਤੀ, ਲੀਗਲ ਅਫ਼ਸਰ ਸੰਦੀਪ ਅਜੇ ਭਾਟੀਆ ਦੀ ਅਗਵਾਈ ਵਾਲੀਆਂ ਟੀਮਾਂ ਵਲੋਂ ਜਿੱਥੇ ਜਲੰਧਰ ਸ਼ਹਿਰ 'ਚ ਬੱਸ ਸਟੈਂਡ, ਕੰਪਨੀ ਬਾਗ਼ ਚੌਕ, ਰਾਮਾ ਮੰਡੀ ਅਤੇ ਪਿਮਸ ਨੇੜੇ ਛਾਪੇਮਾਰੀ ਕੀਤੀ ਗਈ ਉੱਥੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ 'ਚ ਬਾਲ ਵਿਕਾਸ ਪ੍ਰਾਜੈਕਟ ਅਫ਼ਸਰਾਂ ਦੀ ਅਗਵਾਈ ਵਿਚ ਟੀਮਾਂ ਵਲੋਂ ਚੈਕਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 10 ਬੱਚੇ ਬੈਗਰੀ ਐਕਟ ਤਹਿਤ ਰੈਸਕਿਊ ਕੀਤੇ ਗਏ ਹਨ, ਜਿਨ੍ਹਾਂ 'ਚ 6 ਲੜਕੀਆਂ ਅਤੇ 4 ਲੜਕੇ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਛੁਡਾਏ ਗਏ ਬੱਚਿਆਂ ਦੀ ਉਮਰ 6-14 ਸਾਲ ਦੇ ਵਿਚਕਾਰ ਹੈ, ਜਿਨ੍ਹਾਂ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ | ਮੈਡੀਕਲ ਉਪਰੰਤ ਬੱਚਿਆਂ ਨੂੰ ਬਾਲ ਭਲਾਈ ਕਮੇਟੀ, ਜਲੰਧਰ ਪਾਸ ਪੇਸ਼ ਕੀਤਾ ਗਿਆ |