ਮਲਸੀਆਂ, 24 ਦਸੰਬਰ (ਦਲਜੀਤ ਸਿੰਘ ਸਚਦੇਵਾ)-ਬੰਦੀ ਸਿੰਘਾਂ ਦੀ ਰਿਹਾਈ ਤੇ ਸਿੱਖ ਕੈਦੀਆਂ ਦੇ ਸੰਵਿਧਾਨਕ ਹੱਕਾਂ ਦੀ ਬਹਾਲੀ ਲਈ ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਦੀ ਅਗਵਾਈ ਹੇਠ ਵਫ਼ਦ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ | ਇਸ ਵਫ਼ਦ ਵਿਚ ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ ਅਤੇ ਇੰਦਰਵੀਰ ਸਿੰਘ ਵੀ ਸ਼ਾਮਿਲ ਸਨ | ਮੁਲਾਕਾਤ ਦੌਰਾਨ ਵਫ਼ਦ ਨੇ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਲਈ ਅਪੀਲ ਕੀਤੀ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ | ਸਤਨਾਮ ਸਿੰਘ ਸੰਧੂ ਨਾਲ ਗੱਲਬਾਤ ਕਰਦਿਆਂ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਉਹ (ਸੰਧੂ) ਕੇਂਦਰ ਸਰਕਾਰ ਵਿਚ ਇਕ ਅਹਿਮ ਸਥਾਨ ਰੱਖਦੇ ਹਨ ਅਤੇ ਸਿੱਖ ਮਸਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾ ਸਕਦੇ ਹਨ | ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਨਾ ਤਾਂ ਦੂਰ, ਸਗੋਂ ਉਨ੍ਹਾਂ ਦੇ ਪੈਰੋਲ ਵਰਗੇ ਸੰਵਿਧਾਨਕ ਹੱਕ ਵੀ ਖੋਹੇ ਜਾ ਰਹੇ ਹਨ, ਜੋ ਕਿ ਸਿੱਧੇ ਤੌਰ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ | ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਸਿੱਖ ਕੈਦੀਆਂ ਨੂੰ ਜੇਲ੍ਹਾਂ ਵਿਚ ਰੱਖਣਾ ਬੇਇਨਸਾਫ਼ੀ ਦੀ ਚੋਟੀ ਹੈ | ਵਫ਼ਦ ਨੇ ਵਿਸ਼ੇਸ਼ ਤੌਰ 'ਤੇ ਸਰਬੱਤ ਖਾਲਸਾ ਵਲੋਂ ਚੁਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਮੁੱਦਾ ਉਠਾਇਆ | ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਥੇਦਾਰ ਹਵਾਰਾ ਨੂੰ ਦਿੱਲੀ ਦੀ ਮੰਡੋਲੀ ਜੇਲ੍ਹ ਵਿਚ ਗੈਰ-ਕਾਨੂੰਨੀ ਢੰਗ ਨਾਲ ਰੱਖਿਆ ਗਿਆ ਹੈ, ਕਿਉਂਕਿ ਦਿੱਲੀ ਵਿਚ ਉਨ੍ਹਾਂ ਉੱਪਰ ਕੋਈ ਵੀ ਕੇਸ ਬਾਕੀ ਨਹੀਂ ਹੈ | ਨਿਯਮਾਂ ਮੁਤਾਬਕ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ, ਪਰ ਸਰਕਾਰ ਜਾਣਬੁੱਝ ਕੇ ਦੇਰੀ ਕਰ ਰਹੀ ਹੈ | ਇਸ ਤੋਂ ਇਲਾਵਾ ਵਫ਼ਦ ਨੇ ਦੱਸਿਆ ਕਿ ਜਥੇਦਾਰ ਹਵਾਰਾ ਦੀ 82 ਸਾਲ ਦੀ ਬਿਰਧ ਮਾਤਾ ਬਹੁਤ ਬਿਮਾਰ ਹੈ | ਮਨੁੱਖੀ ਆਧਾਰ 'ਤੇ ਵੀ ਇਸ ਕੇਸ ਵਿਚ ਤੁਰੰਤ ਦਖ਼ਲ ਅੰਦਾਜ਼ੀ ਦੀ ਲੋੜ ਹੈ | ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪੂਰੀ ਗੰਭੀਰਤਾ ਨਾਲ ਸਾਰੀ ਗੱਲਬਾਤ ਸੁਣੀ | ਉਨ੍ਹਾਂ ਵਫ਼ਦ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਉਹ ਇਸ ਸੰਵੇਦਨਸ਼ੀਲ ਮੁੱਦੇ 'ਤੇ ਜਲਦੀ ਹੀ ਪਹਿਲ ਦੇ ਅਧਾਰ 'ਤੇ ਕੇਂਦਰ ਸਰਕਾਰ ਅਤੇ ਸਬੰਧਿਤ ਵਿਭਾਗਾਂ ਨਾਲ ਗੱਲਬਾਤ ਕਰਨਗੇ |