¸ ਸਾਈਬਰ ਠੱਗੀ ¸ਮਕਸੂਦਾਂ ਸਬਜ਼ੀ ਮੰਡੀ ਦੇ ਵਪਾਰੀ ਦਾ ਮੋਬਾਈਲ ਹੈਕ
ਅਜੀਤ ਡੈਸਕ
28-12-2025
ਮਕਸੂਦਾਂ, 27 ਦਸੰਬਰ (ਸੌਰਵ ਮਹਿਤਾ)-ਸਾਈਬਰ ਠੱਗਾਂ ਵਲੋਂ ਈ-ਚਲਾਨ ਦੇ ਨਾਂਅ 'ਤੇ ਠੱਗੀ ਕਰਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ | ਤਾਜ਼ਾ ਮਾਮਲਾ ਮਕਸੂਦਾਂ ਸਬਜ਼ੀ ਮੰਡੀ ਨਾਲ ਜੁੜਿਆ ਸਾਹਮਣੇ ਆਇਆ ਹੈ, ਜਿੱਥੇ ਟਰੱਕਾਂ ਰਾਹੀਂ ਸਬਜ਼ੀਆਂ, ਚੌਲ ਜੰਮੂ ਭੇਜਣ ਵਾਲੇ ਵਪਾਰੀ ਸੋਨੀ ਦਾ ਮੋਬਾਈਲ ਹੈਕ ਕਰ ਕੇ ਠੱਗਾਂ ਨੇ ਨਾ ਸਿਰਫ਼ ਉਸ ਦੇ ਖਾਤੇ ਤੋਂ ਰਕਮ ਕੱਢ ਲਈ, ਸਗੋਂ ਉਸ ਦੇ ਜਾਣ-ਪਛਾਣ ਵਾਲਿਆਂ ਨਾਲ ਵੀ ਵੱਡੀ ਠੱਗੀ ਕਰ ਦਿੱਤੀ | ਜਾਣਕਾਰੀ ਦਿੰਦਿਆਂ ਸੋਨੀ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਮੋਬਾਈਲ 'ਤੇ ਇੱਕ ਅਣਪਛਾਤੇ ਨੰਬਰ ਤੋਂ ਲਿੰਕ ਆਇਆ, ਜਿਸ 'ਤੇ 'ਈ-ਚਲਾਨ' ਲਿਖਿਆ ਹੋਇਆ ਸੀ | ਉਸ ਨੇ ਸੋਚਿਆ ਕਿ ਸ਼ਾਇਦ ਉਸ ਦੀ ਕਿਸੇ ਗੱਡੀ ਦਾ ਆਨਲਾਈਨ ਚਲਾਨ ਹੋ ਗਿਆ ਹੈ, ਜਿਵੇਂ ਹੀ ਉਸ ਨੇ ਲਿੰਕ 'ਤੇ ਕਲਿੱਕ ਕੀਤਾ, ਉਸ ਦੇ ਬੈਂਕ ਖਾਤੇ ਤੋਂ 29 ਹਜ਼ਾਰ 500 ਰੁਪਏ ਕੱਟ ਲਏ ਗਏ ਅਤੇ ਕੁਝ ਹੀ ਪਲਾਂ 'ਚ ਉਸ ਦਾ ਮੋਬਾਈਲ ਪੂਰੀ ਤਰ੍ਹਾਂ ਹੈਕ ਹੋ ਗਿਆ | ਸੋਨੀ ਨੇ ਦੱਸਿਆ ਕਿ ਹੈੱਕਰ ਨੇ ਉਸ ਦੇ ਵਟਸਐਪ ਰਾਹੀਂ ਉਸ ਦੇ ਸੰਪਰਕਾਂ ਨੂੰ ਵੀ ਉਹੀ ਲਿੰਕ ਅੱਗੇ ਭੇਜ ਦਿੱਤਾ, ਜਿਸ ਵਿਚ ਕੁਝ ਪੁਲਿਸ ਅਧਿਕਾਰੀ ਵੀ ਸ਼ਾਮਿਲ ਸਨ | ਖ਼ੁਸ਼ਕਿਸਮਤੀ ਨਾਲ ਕਈ ਲੋਕਾਂ ਨੇ ਉਸ ਨੂੰ ਫ਼ੋਨ ਕਰ ਕੇ ਪੁੱਛ ਲਿਆ ਅਤੇ ਉਨ੍ਹਾਂ ਨੂੰ ਸਮੇਂ ਸਿਰ ਚਿਤਾਵਨੀ ਦੇ ਦਿੱਤੀ ਗਈ ਪਰ ਕਠੂਆ ਦੇ ਰਾਹੀ ਟਰੇਡਰਜ਼ ਦੇ ਮਾਲਕ ਗੋਪਾਲ ਦਾਸ ਅਤੇ ਊਧਮਪੁਰ ਦੇ ਇੱਕ ਹੋਰ ਵਪਾਰੀ ਨੇ ਲਿੰਕ ਖੋਲ੍ਹ ਲਿਆ, ਜਿਸ ਤੋਂ ਬਾਅਦ ਗੋਪਾਲ ਦਾਸ ਦੇ ਖਾਤੇ ਤੋਂ 6 ਲੱਖ ਅਤੇ ਦੂਜੇ ਵਪਾਰੀ ਦੇ ਖਾਤੇ ਤੋਂ 50 ਹਜ਼ਾਰ ਰੁਪਏ ਕੱਟ ਲਏ ਗਏ | ਇਸ ਤਰ੍ਹਾਂ ਕੁੱਲ 6.50 ਲੱਖ ਰੁਪਏ ਦੀ ਠੱਗੀ ਹੋ ਗਈ | ਪੀੜਤ ਵਪਾਰੀ ਸੋਨੀ ਨੇ ਇਸ ਸੰਬੰਧੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ |