ਜਮਸ਼ੇਰ ਖਾਸ, 27 ਦਸੰਬਰ (ਹਰਵਿੰਦਰ ਕੁਮਾਰ)-ਜਮਸ਼ੇਰ ਖ਼ਾਸ ਦੇ ਵਿਚ ਬਣੇ ਜਮਸ਼ੇਰ ਖਾਸ ਡੇਅਰੀ ਕੰਪਲੈਕਸ 'ਚ ਅੱਜ ਬਾਇਓ ਸੀ.ਐਨ.ਜੀ. ਗੈਸ ਪਲਾਂਟ ਲਗਾਉਣ ਖ਼ਿਲਾਫ਼ ਇਲਾਕਾ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਰਾਜਨੀਤਿਕ ਪਾਰਟੀਆਂ ਨੇ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ | ਜ਼ਿਲ੍ਹਾ ਪ੍ਰਧਾਨ ਜਲੰਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਕੁਲਵਿੰਦਰ ਸਿੰਘ ਮਛਿਆਣਾ ਦੀ ਅਗਵਾਈ 'ਚ ਕਿਸਾਨਾਂ ਦਾ ਵੱਡਾ ਇਕੱਠ ਹੋਇਆ | ਉਨ੍ਹਾਂ ਕਿਹਾ ਕਿ ਡੇਅਰੀ ਕੰਪਲੈਕਸ 'ਚ ਕਿਸਾਨਾਂ ਦੀ ਸਹੂਲਤ ਲਈ ਕਰੋੜਾਂ ਰੁਪਏ ਖਰਚ ਕੇ ਬਣਾਈ ਗਈ ਚਾਰਾ ਮੰਡੀ ਨੂੰ ਤੋੜ ਕੇ ਉਸ ਦੇ ਉੱਪਰ ਪੰਜਾਬ ਸਰਕਾਰ ਬਾਇਓ ਸੀ.ਐਨ.ਜੀ. ਪਲਾਂਟ ਲਾਉਣ ਜਾ ਰਹੀ ਹੈ ਜੋ ਕਿ ਮਨੁੱਖੀ ਜ਼ਿੰਦਗੀਆਂ ਨੂੰ ਖਤਰੇ ਵਿੱਚ ਪਾਉਣ ਵਾਲੀ ਸਕੀਮ ਹੈ | ਉਨ੍ਹਾਂ ਕਿਹਾ ਕਿ ਇਹ ਚਾਰਾ ਮੰਡੀ ਇਕੱਲੇ ਜਲੰਧਰ ਦੀ ਨਹੀਂ ਬਲਕਿ ਪੂਰੇ ਦੁਆਬੇ ਦੀ ਹੈ, ਇਸ ਚਾਰਾ ਮੰਡੀ ਤੋਂ ਹਜ਼ਾਰਾਂ ਮਜ਼ਦੂਰਾਂ ਕਿਸਾਨਾਂ ਦੇ ਘਰ ਚਲਦੇ ਹਨ | ਇਸ ਮੌਕੇ ਚਿਤੇਵਾਣੀ ਦੇ ਸਰਪੰਚ ਕਮਲਜੀਤ ਕੌਰ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ 'ਚ ਚਾਰਾ ਮੰਡੀ ਵਾਲੇ ਸਥਾਨ 'ਤੇ ਬਾਇਓ ਸੀ.ਐਨ.ਜੀ. ਗੈਸ ਪਲਾਟ ਨਹੀਂ ਲੱਗਣ ਦੇਣਗੇ | ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਬਾਇਓ ਗੈਸ ਪਲਾਂਟ ਖ਼ਿਲਾਫ਼ ਸਾਡਾ ਪੂਰਾ ਇਲਾਕਾ ਇਕਜੁੱਟ ਹੋਇਆ ਹੈ | ਉਨ੍ਹਾਂ ਕਿਹਾ ਕਿ ਜਮਸ਼ੇਰ ਚਾਰਾ ਮੰਡੀ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਨਾਲ ਜੁੜੀ ਹੋਈ ਹੈ ਅਤੇ ਉਨ੍ਹਾਂ ਕਿਹਾ ਕਿ ਬਾਇਓ ਗੈਸ ਪਲਾਂਟ ਤੋਂ ਨਿਕਲਣ ਵਾਲੀ ਬਦਬੂ, ਗੰਦਗੀ ਅਤੇ ਪ੍ਰਦੂਸ਼ਣ ਨਾਲ ਪੂਰੇ ਇਲਾਕੇ ਦੀ ਹਵਾ, ਪਾਣੀ ਅਤੇ ਮਾਹੌਲ ਪ੍ਰਭਾਵਿਤ ਹੋਵੇਗਾ | ਇਸ ਮੌਕੇ ਭਾਜਪਾ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਅਤੇ ਅਮਨਜੀਤ ਤਨੇਜਾ ਨੇ ਕਿਹਾ ਕਿ ਉਹ ਇਲਾਕਾ ਵਾਸੀਆਂ ਨਾਲ ਹਮੇਸ਼ਾ ਖੜ੍ਹੇ ਹਨ ਅਤੇ ਇਸ ਜਗ੍ਹਾ ਉੱਪਰ ਕੋਈ ਵੀ ਬਾਇਓ ਸੀ.ਐਨ.ਜੀ. ਗੈਸ ਪਲਾਟ ਨਹੀਂ ਲੱਗਣ ਦਿਆਂਗੇ | ਇਸ ਦੌਰਾਨ ਲੋਕਾਂ ਦੇ ਭਾਰੀ ਵਿਰੋਧ ਨੂੰ ਦੇਖਦੇ ਹੋਏ ਮੌਕੇ 'ਤੇ ਚੱਲ ਰਹੇ ਕੰਮ ਨੂੰ ਆਪਸੀ ਸਹਿਮਤੀ ਨਾਲ ਸੋਮਵਾਰ ਤੱਕ ਬੰਦ ਕਰ ਦਿੱਤਾ ਗਿਆ ਹੈ ਅਤੇ ਚਾਰਾ ਮੰਡੀ ਲਈ 2 ਜਗ੍ਹਾ ਤੋਂ ਟਰਾਲੀਆਂ ਦੇ ਆਉਣ ਜਾਣ ਲਈ ਰਸਤਾ ਬਣਾਇਆ ਗਿਆ ਹੈ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਮੰਡ, ਰਾਜੂ ਆੜ੍ਹਤੀ, ਮੋਹਿਤ ਆੜ੍ਹਤੀ, ਗੁਰਪ੍ਰੀਤ ਸਿੰਘ, ਪ੍ਰਧਾਨ ਜਮਸ਼ੇਰ ਖਾਸ ਡੇਅਰੀ ਐਸੋਸੀਏਸ਼ਨ ਭੁਪਿੰਦਰ ਸਿੰਘ ਘੁੰਮਣ, ਬਲਦੇਵ ਕਪੂਰ, ਬਲਵਿੰਦਰ ਸਿੰਘ ਮੋਨਾ, ਹਰਦੀਪ ਸਿੰਘ ਕਾਹਲੋਂ, ਅਮਨ ਫੋਲੜੀਵਾਲ, ਰਕੇਸ਼ ਕੁਮਾਰ, ਅਜੀਤ ਸਿੰਘ ਘੁੰਮਣ, ਗੁਰਵਿੰਦਰ ਸਿੰਘ ਬਡੂਹਾ, ਗੁਰਨੇਕ ਸਿੰਘ ,ਹਰਨੇਕ ਸਿੰਘ ,ਸੁਖਬੀਰ ਸਿੰਘ ਸੁੱਖੀ ,ਜੋਗਾ ਸਿੰਘ, ਗੁਰੂਨਾਮ ਸਿੰਘ,ਕੁਲਦੀਪ ਸਿੰਘ ਪੰਡੋਰੀ, ਕੁਲਦੀਪ ਮਾਣਕ ,ਜਥੇਦਾਰ ਸ਼ਮਿੰਦਰ ਸਿੰਘ ਮੀਰਾਪੁਰ, ਜਥੇਦਾਰ ਹਰਨੇਕ ਸਿੰਘ, ਬਲਦੇਵ ਸਿੰਘ ਨੂਰਪੁਰੀ, ਮੋਹਨ ਸਿੰਘ ਚਾਵਲਾ ਸਮੇਤ ਵੱਡੀ ਗਿਣਤੀ 'ਚ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਆਸ-ਪਾਸ ਦੇ ਪਿੰਡਾਂ ਦੇ ਪੰਚ-ਸਰਪੰਚ ਅਤੇ ਪਿੰਡ ਵਾਸੀ ਸ਼ਾਮਿਲ ਸਨ |