ਜਲੰਧਰ, 27 ਦਸੰਬਰ (ਐੱਮ. ਐੱ ਸ. ਲੋਹੀਆ)-ਐੱਨ. ਐੱਚ. ਐੱਸ. ਹਸਪਤਾਲ ਦੇ ਪ੍ਰਬੰਧਕਾਂ ਵਲੋਂ ਬੱਚਿਆਂ ਦੇ ਹੱਡੀ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਹੈ | 22 ਦਸੰਬਰ ਤੋਂ ਸ਼ੁਰੂ ਹੋਇਆ ਇਹ ਕੈਂਪ 31 ਦਸੰਬਰ ਤੱਕ ਚਲੇਗਾ | ਬੱਚਿਆਂ ਦੀਆਂ ਹੱਡੀਆਂ ਦੇ ਮਾਹਿਰ ਡਾਕਟਰ ਡਾ. ਸ਼ੀਨਮ ਬੰਸਲ ਦੀ ਅਗਵਾਈ ਹੇਠ ਰੋਜ਼ਾਨਾ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਦੇ ਇਸ ਕੈਂਪ ਦੌਰਾਨ ਬੱਚਿਆਂ ਦੇ ਹੱਡੀ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ | ਹੁਣ ਤੱਕ ਇਸ ਕੈਂਪ ਦੌਰਾਨ 80 ਤੋਂ ਵੱਧ ਬੱਚਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ 10 ਤੋਂ ਵੱਧ ਬੱਚਿਆਂ ਦੀ ਰਿਆਇਤੀ ਮੁੱਲ 'ਤੇ ਸਰਜਰੀ ਵੀ ਕੀਤੀ ਗਈ ਹੈ | ਹਸਪਤਾਲ ਦੇ ਡਾਇਰੈਕਟਰ ਅਤੇ ਹੱਡੀਆਂ ਦੇ ਵਿਭਾਗ ਦੇ ਮੁਖੀ ਡਾ. ਸ਼ੁਭਾਂਗ ਅਗਰਵਾਲ (ਸੀਨੀਅਰ ਹੱਡੀ ਰੋਗ ਮਾਹਿਰ) ਨੇ ਕਿਹਾ ਕਿ ਹਸਪਤਾਲ ਅਧੁਨਿਕ ਇਲਾਜ ਅਤੇ ਵਿਸ਼ੇਸ਼ ਸੁਵਿਧਾਵਾਂ ਦੇ ਜ਼ਰੀਏ ਬਿਹਤਰ ਸਿਹਤ ਸੇਵਾ ਦੇਣ ਲਈ ਪੂਰੀ ਤਰ੍ਹਾਂ ਸਮਰੱਥ ਹੈ | ਉਨ੍ਹਾਂ ਕਿਹਾ ਕਿ ਹਸਪਤਾਲ 'ਚ ਇਕ ਵੱਡਾ ਆਰਥੋਪੈਡਿਕ ਵਿਭਾਗ ਹੈ, ਜਿੱਥੇ ਪੰਜ ਅਨੁਭਵੀ ਹੱਡੀ ਰੋਗ ਮਾਹਿਰ ਡਾਕਟਰਾਂ ਦੀ ਟੀਮ ਕੰਮ ਕਰ ਰਹੀ ਹੈ | ਇਹ ਟੀਮ ਨਵੀਂ ਤਕਨਾਲੋਜੀ ਅਤੇ ਅਧੁਨਿਕ ਸੁਵਿਧਾਵਾਂ ਦੀ ਮਦਦ ਨਾਲ ਮਰੀਜ਼ਾਂ ਦਾ ਬਿਹਤਰ ਇਲਾਜ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਹਸਪਤਾਲ 'ਚ ਬੱਚਿਆਂ ਦੇ ਟੇਡਾ ਚਲਣਾ, ਪੈਰਾਂ ਦਾ ਅੰਦਰ ਜਾਂ ਬਾਹਰ ਮੁੜਨਾ, ਸੇਰੇਬ੍ਰਲ ਪਾਲਸੀ, ਜਨਮ ਤੋਂ ਟੇਡਾ ਪੈਰ (ਕਲੱਬ ਫੁੱਟ), ਚੂਲੇ ਦੀ ਹੱਡੀ ਦੀ ਸਮੱਸਿਆ, ਨਸਾਂ ਅਤੇ ਮਾਸਪੇਸ਼ੀਆਂ ਦੀਆਂ ਬਿਮਾਰੀਆਂ, ਕਮਜ਼ੋਰ ਜਾਂ ਨਰਮ ਹੱਡੀਆਂ, ਚਪਟੇ ਪੈਰ ਅਤੇ ਜਨਮ ਸਮੇਂ ਨਸਾਂ ਦੀ ਚੋਟ ਵਰਗੀਆਂ ਸਮੱਸਿਆਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਬੱਚਿਆਂ ਦੀ ਜਾਂਚ ਪੂਰੀ ਤਰ੍ਹਾਂ ਮੁਫ਼ਤ ਕੀਤੀ ਜਾ ਰਹੀ ਹੈ | ਇਸ ਦੇ ਨਾਲ-ਨਾਲ ਜ਼ਰੂਰੀ ਜਾਂਚਾਂ ਵੀ ਘੱਟ ਖ਼ਰਚ 'ਚ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਬੱਚਿਆਂ ਦੀ ਹੱਡੀਆਂ ਦੀ ਚੰਗੀ ਅਤੇ ਸਹੀ ਦੇਖਭਾਲ ਆਮ ਲੋਕਾਂ ਲਈ ਸੌਖੀ ਅਤੇ ਪਹੁੰਚ ਅਨੁਸਾਰ ਬਣ ਰਹੀ ਹੈ |