ਸ਼ਿਵਾਜੀ ਨਗਰ 'ਚ ਦਹਿਸ਼ਤ ਫੈਲਾਉਣ ਵਾਲਿਆਂ 'ਚੋਂ ਇਕ ਹੋਰ ਮੁਲਜ਼ਮ ਗਿ੍ਫ਼ਤਾਰ
ਅਜੀਤ ਡੈਸਕ
31-12-2025
ਜਲੰਧਰ, 30 ਦਸੰਬਰ (ਐੱਮ. ਐੱਸ. ਲੋਹੀਆ) -ਬੀਤੇ ਦਿਨੀਂ ਸ਼ਿਵਾਜੀ ਨਗਰ ਮੁਹੱਲੇ 'ਚ ਹਥਿਆਰਾਂ ਨਾਲ ਲੈਸ ਵਿਅਕਤੀਆਂ ਵਲੋਂ ਹਮਲਾ ਕਰਕੇ ਕਰੀਬ 6 ਵਿਅਕਤੀਆਂ ਨੂੰ ਜ਼ਖ਼ਮੀ ਕਰ ਦੇਣ ਦੇ ਮਾਮਲੇ ਤਹਿਤ ਥਾਣਾ ਡਵੀਜ਼ਨ ਨੰਬਰ 5 'ਚ ਦਰਜ ਮੁਕੱਦਮੇ ਤਹਿਤ ਪੁਲਿਸ ਨੇ ਇਕ ਹੋਰ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਸਰਵਨ ਉਰਫ਼ ਸੂਬਾ ਲਾਹੋਰੀਆ ਪੁੱਤਰ ਸਾਧਾ ਸਿੰਘ ਵਾਸੀ ਸ਼ਿਵਾ ਜੀ ਨਗਰ, ਬਸਤੀ ਦਾਨਿਸ਼ਮੰਦਾਂ, ਜਲੰਧਰ ਵਜੋਂ ਦੱਸੀ ਗਈ ਹੈ | ਏ.ਡੀ.ਸੀ.ਪੀ. (ਸਿਟੀ-2) ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਰੇਖਾ ਵਰਮਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਲਿਖਵਾਇਆ ਸੀ ਕਿ ਉਹ 25 ਦਸੰਬਰ ਦੀ ਰਾਤ ਨੂੰ ਕਰੀਬ 10 ਵਜੇ ਆਪਣੇ ਘਰ 'ਚ ਮੌਜੂਦ ਸੀ, ਇਸ ਦੌਰਾਨ ਸੂਬਾ ਲਾਹੋਰੀਆ, ਇੰਦੂ ਲਾਹੌਰੀਆ, ਲਵਲੀ ਗਾਖ਼ਲਾ, ਮਨਪ੍ਰੀਤ ਕੌਰ ਅਤੇ ਅਰਸ਼ਦੀਪ ਕੌਰ ਦਾਤਰ ਅਤੇ ਕਿਰਪਾਨਾਂ ਲੈ ਕੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਆਏ, ਜਿਨ੍ਹਾਂ ਵਲੋਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ, ਜਿਸ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਏ.ਡੀ.ਸੀ.ਪੀ. ਗਿੱਲ ਨੇ ਜਾਣਕਾਰੀ ਦਿੱਤੀ ਕਿ ਏ.ਸੀ.ਪੀ (ਪੱਛਮੀ) ਆਤਿਸ਼ ਭਾਟੀਆ ਦੀ ਅਗਵਾਈ ਹੇਠ ਥਾਣਾ ਮੁਖੀ ਯਾਦਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਮਨਪ੍ਰੀਤ ਕੌਰ ਅਤੇ ਸਰਵਨ ਉਰਫ਼ ਸੂਬਾ ਲਾਹੋਰੀਆ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਨਾਂ ਖ਼ਿਲਾਫ਼ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
ਏ. ਡੀ. ਸੀ. ਪੀ. ਨੇ ਕਿਹਾ ਕਿ ਰਹਿੰਦੇ ਬਾਕੀ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ |