ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਵਿਭਾਗ ਵਿਚ ਏ.ਐੱਸ.ਆਈ. ਵਜੋਂ ਸੇਵਾਵਾਂ ਨਿਭਾ ਰਹੇ ਕਰਮਜੀਤ ਸਿੰਘ (56) ਪੁੱਤਰ ਸੰਤੋਖ ਸਿੰਘ ਪਿੰਡ ਹਰਾਜ ਵਾਸੀ ਸ੍ਰੀ ਮੁਕਤਸਰ ਸਾਹਿਬ ਸਦੀਂਵੀ ਵਿਛੋੜਾ ਦੇ ਗਏ | ਉਹ ਕੁਝ ਸਮੇਂ ਤੋਂ ਬਿਮਾਰੀ ਤੋਂ ਪੀੜਤ ਸਨ | ਆਪ ਆਪਣੇ ਪਿੱਛੇ ਪਤਨੀ ਮਨਜੀਤ ਕੌਰ, ਬੇਟੀਆਂ ਰਮਨਜੋਤ ਕੌਰ (18) ਤੇ ਜੀਵਨਜੋਤ ਕੌਰ (14) ਛੱਡ ਗਏ ਹਨ | ਅੱਜ ਬਾਅਦ ਦੁਪਹਿਰ ਸਥਾਨਕ ਸ਼ਾਂਤੀ ਧਾਮ ਵਿਖੇ ਬੇਹੱਦ ਗਮਗੀਨ ਮਾਹੌਲ ਵਿਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ | ਇਸ ਮੌਕੇ ਮਿ੍ਤਕ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੀਆਂ ਧੀਆਂ ਵਲੋਂ ਦਿੱਤੀ ਗਈ | ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਲੋਂ ਮਿ੍ਤਕ ਦੇਹ 'ਤੇ ਫ਼ੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ ਗਈ | ਉਪਰੰਤ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ | ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸਕੇ ਸੰਬੰਧੀਆਂ ਵਲੋਂ ਨਮ ਅੱਖਾਂ ਨਾਲ ਕਰਮਜੀਤ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ | ਉਨ੍ਹਾਂ ਦਾ ਅੰਗੀਠਾ ਸੰਭਾਲਣ ਦੀ ਰਸਮ 23 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੋਵੇਗੀ | ਇਸ ਮੌਕੇ ਪੰਜਾਬ ਪੁਲਿਸ ਵਿਭਾਗ ਤੋਂ ਇੰਚਾਰਜ ਸੁਖਵਿੰਦਰਪਾਲ ਸਿੰਘ ਏ.ਐੱਸ.ਆਈ., ਰੇਸ਼ਮ ਸਿੰਘ, ਗੁਰਜੰਟ ਸਿੰਘ, ਮੱਖਣ ਸਿੰਘ, ਅਸ਼ੋਕ ਸ਼ਰਮਾ ਭੁੱਟੀਵਾਲਾ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |