ਗਿੱਦੜਬਾਹਾ, 21 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ 'ਚ ਧਰਤੀ ਨੂੰ ਛੂਹਦੀਆਂ ਬਿਜਲੀ ਦੀਆਂ ਤਾਰਾਂ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਪਾਵਰਕਾਮ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਗਿੱਦੜਬਾਹਾ ਸ਼ਹਿਰ ਤੇ ਪਿੰਡ 'ਚ ਘਰੇਲੂ ਬਿਜਲੀ ਸਪਲਾਈ ਦੇਣ ਲਈ ਕਈ ਦਹਾਕੇ ਪਹਿਲਾਂ ਬਿਜਲੀ ਦੀਆਂ ਤਾਰਾਂ ਪਾਈਆਂ ਗਈਆਂ ਹਨ | ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਬਿਜਲੀ ਦੀਆ ਤਾਰਾਂ ਐਨੀਆਂ ਢਿੱਲੀਆਂ ਹਨ ਕਿ ਉਹ ਧਰਤੀ ਨੂੰ ਛੂਹਦੀਆਂ ਦਿਖਾਈ ਦਿੰਦੀਆਂ ਹਨ | ਬਿਜਲੀ ਦੀਆਂ ਤਾਰਾਂ ਠੀਕ ਕਰਨ ਲਈ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ | ਸ਼ਹਿਰ 'ਚ ਅਨੇਕਾਂ ਹੀ ਥਾਵਾਂ 'ਤੇ ਬਿਜਲੀ ਸ਼ਾਰਟ ਸਰਕਟ ਕਾਰਨ ਹਾਦਸੇ ਵਾਪਰ ਚੁੱਕੇ ਹਨ | ਇਹ ਵੀ ਪਤਾ ਲੱਗਿਆ ਹੈ ਕਿ ਵਿਭਾਗ ਸਹਿਮਤੀ ਨਾਲ ਸਥਾਨਕ ਕੇਬਲ ਮਾਫ਼ੀਆ ਵਲੋਂ ਬਿਜਲੀ ਦੇ ਖੰਭਿਆਂ ਦੀ ਮਦਦ ਲਈ ਗਈ ਹੈ | ਜਿੱਥੇ ਬੇਢੰਗੇ ਤਾਰਾਂ ਦੇ ਜਾਲ ਵਿਛਾਏ ਗਏ ਹਨ ਤੇ ਉਹ ਤਾਰਾਂ ਵੀ ਗਲੀਆਂ ਵਿਚ ਨੀਵੀਆਂ ਲਟਕ ਰਹੀਆਂ ਹਨ | ਜੇਕਰ ਬਿਜਲੀ ਦਾ ਸ਼ਾਰਟ ਸਰਕਟ ਹੋ ਜਾਵੇ ਤਾਂ ਘਰਾਂ ਦੇ ਬਿਜਲਈ ਉਪਕਰਨਾਂ ਤੋਂ ਇਲਾਵਾ ਜਾਨੀ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਵਿਭਾਗ ਦੀ ਅੰਨੀ ਲਾਪ੍ਰਵਾਹੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਆਮ ਲੋਕਾਂ ਦੀ ਮੰਗ ਹੈ ਕਿ ਢਿੱਲੀਆਂ ਤੇ ਧਰਤੀ ਨੂੰ ਛੂਹਦੀਆਂ ਤਾਰ੍ਹਾਂ ਦਾ ਮਾਮਲਾ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ |