ਮਾਨਸਾ, 3 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਉੱਘੇ ਸਿੱਖ ਪ੍ਰਚਾਰਕ ਤੇ ਸ਼ੋ੍ਰਮਣੀ ਗੁਰਦੁਆਰਾ ਕਮੇਟੀ ਦੇ ਮਾਨਸਾ ਹਲਕੇ ਤੋਂ ਮੈਂਬਰ ਬਾਬਾ ਬੂਟਾ ਸਿੰਘ ਗੁਰਥੜੀ ਵਾਲਿਆਂ ਨੇ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 5ਵੀਂ ਵਾਰ ਪ੍ਰਧਾਨ ਬਣਾਉਣ 'ਤੇ ਮੈਂਬਰਾਂ ਦਾ ਧੰਨਵਾਦ ਕੀਤਾ ਹੈ | 'ਅਜੀਤ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਜਥੇਦਾਰ ਧਾਮੀ ਦੀ ਅਗਵਾਈ 'ਚ ਸ਼ੋ੍ਰਮਣੀ ਕਮੇਟੀ ਨੇ ਧਾਰਮਿਕ, ਵਿੱਦਿਅਕ ਖੇਤਰ 'ਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ ਅਤੇ ਸਮਾਜ ਸੇਵੀ ਕਾਰਜਾਂ 'ਚ ਵੀ ਕਮੇਟੀ ਮੋਹਰੀ ਹੋ ਕੇ ਵਿਚਰੀ ਹੈ | ਉਨ੍ਹਾਂ ਮਾਲਵਾ ਖੇਤਰ ਦੇ ਇੱਧਰਲੇ ਜ਼ਿਲਿ੍ਹਆਂ 'ਚੋਂ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਝੱਬਰ ਤੇ ਮੇਜਰ ਸਿੰਘ ਢਿੱਲੋਂ ਨੂੰ ਅੰਤਰਿੰਗ ਕਮੇਟੀ ਦਾ ਮੈਂਬਰ ਨਾਮਜ਼ਦ ਕਰਨ ਦਾ ਸਵਾਗਤ ਕੀਤਾ ਹੈ | ਉਨ੍ਹਾਂ ਆਖਿਆ ਕਿ ਅਜੋਕੇ ਸਮੇਂ 'ਚ ਲੋੜ ਹੈ ਕਿ ਸਿੱਖੀ ਦੇ ਪ੍ਰਸਾਰ ਤੇ ਪ੍ਰਚਾਰ ਦੇ ਨਾਲ ਹੀ ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਨ ਦਾ | ਸ਼ੋ੍ਰਮਣੀ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਨੇ ਦੱਸਿਆ ਕਿ ਉਹ ਦੇਸ਼-ਵਿਦੇਸ਼ 'ਚ ਧਾਰਮਿਕ ਸਮਾਗਮਾਂ ਮੌਕੇ ਸੰਗਤਾਂ ਨੂੰ ਬਾਣੇ ਤੇ ਬਾਣੀ ਦੇ ਧਾਰਨੀ ਹੋਣ ਲਈ ਸੱਦਾ ਦਿੰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਯਤਨਾਂ ਨੂੰ ਬੂਰ ਵੀ ਪੈਂਦਾ ਹੈ | ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰਬਾਣੀ ਦੇ ਲੜ ਲੱਗਣ, ਜੋ ਅੰਤ ਤੱਕ ਉਨ੍ਹਾਂ ਦੀ ਸਹਾਈ ਹੋ ਸਕਦੀ ਹੈ |