ਕਪੂਰਥਲਾ, 3 ਜੂਨ (ਅਮਰਜੀਤ ਕੋਮਲ)-ਗੈਸਾ (ਗਜ਼ਟਿਡ ਐਜੂਕੇਸ਼ਨਲ ਸਕੂਲ ਸਰਵਿਸਿਜ਼ ਐਸੋਸੀਏਸ਼ਨ) ਦੇ ਇਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਸੇਵਾ ਮੁਕਤ ਪਿ੍ੰਸੀਪਲ ਅਮਰੀਕ ਸਿੰਘ ਨੰਢਾ ਦੀ ਅਗਵਾਈ 'ਚ ਜ਼ਿਲ੍ਹੇ ਦੇ ਨਵ-ਨਿਯੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਜਿੰਦਰ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ | ਅਮਰੀਕ ਸਿੰਘ ਨੰਢਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਵਿਸ਼ਵਾਸ ਦਿਵਾਇਆ ਕਿ ਗੈਸਾ ਜ਼ਿਲ੍ਹੇ ਦੇ ਸਕੂਲਾਂ 'ਚ ਉਸਾਰੂ ਵਿੱਦਿਅਕ ਮਾਹੌਲ ਦੀ ਉਸਾਰੀ, ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਤੇ ਸਿੱਖਿਆ ਸੁਧਾਰ ਲਈ ਵਿਭਾਗੀ ਨੀਤੀਆਂ ਨੂੰ ਸੁਚਾਰੂ ਤਰੀਕੇ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਸਿੱਖਿਆ ਦਫ਼ਤਰ ਨੂੰ ਪੂਰਾ ਸਹਿਯੋਗ ਦੇਵੇਗੀ | ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਸੇਵਾ ਮੁਕਤ ਪਿ੍ੰਸੀਪਲਾਂ ਤੇ ਹੋਰ ਕਰਮਚਾਰੀਆਂ ਨੂੰ ਜ਼ਿਲ੍ਹਾ ਪੱਧਰ 'ਤੇ ਆ ਰਹੀਆਂ ਮੁਸ਼ਕਲਾਂ ਵੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਧਿਆਨ ਵਿਚ ਲਿਆਂਦੀਆਂ ਤੇ ਉਨ੍ਹਾਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕਰਨ ਦੀ ਮੰਗ ਕੀਤੀ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਵਿਭਾਗੀ ਕੰਮਕਾਜ ਸਬੰਧੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਅਧਿਆਪਕਾਂ ਤੇ ਪਿ੍ੰਸੀਪਲਾਂ ਦੇ ਹਰ ਤਰ੍ਹਾਂ ਦੇ ਜਾਇਜ਼ ਕੰਮ ਤੇ ਜ਼ਿਲ੍ਹਾ ਪੱਧਰ 'ਤੇ ਜਾਰੀ ਕੀਤੀਆਂ ਜਾਣ ਵਾਲੀਆਂ ਪ੍ਰਵਾਨਗੀਆਂ ਤੇ ਮਨਜ਼ੂਰੀਆਂ ਨਿਸ਼ਚਿਤ ਸਮੇਂ ਅੰਦਰ ਜਾਰੀ ਕੀਤੀਆਂ ਜਾਣਗੀਆਂ ਤੇ ਉਨ੍ਹਾਂ ਕਿਹਾ ਕਿ ਸਕੂਲਾਂ ਅੰਦਰ ਵਿੱਦਿਆ ਦਾ ਗੁਣਾਂਤਮਕ ਪੱਧਰ ਉੱਚਾ ਚੁੱਕਣ, ਦਾਖ਼ਲਾ ਵਧਾਉਣ ਤੇ ਹਰੇਕ ਸਕੂਲ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ | ਮੰਗ ਪੱਤਰ ਦੇਣ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡਾ. ਬਲਵਿੰਦਰ ਸਿੰਘ ਬੱਟੂ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਜੇਸ਼ ਕੁਮਾਰ, ਪਿ੍ੰਸੀਪਲ ਡਾ. ਤਜਿੰਦਰਪਾਲ, ਪਿ੍ੰਸੀਪਲ ਮਨਜੀਤ ਸਿੰਘ ਹੈਬਤਪੁਰ ਸਟੇਟ ਐਵਾਰਡੀ, ਪਿ੍ੰਸੀਪਲ ਨਵਚੇਤਨ ਸਿੰਘ, ਪਿ੍ੰਸੀਪਲ ਰਵਿੰਦਰ ਕੌਰ ਬਲੇਰ ਖ਼ਾਨਪੁਰ, ਪਿ੍ੰਸੀਪਲ ਨੰਦਾ ਧਵਨ, ਪਿ੍ੰਸੀਪਲ ਸਪਨਾ ਗੁਪਤਾ, ਪਿ੍ੰਸੀਪਲ ਅਨੁਰਾਗ, ਪਿ੍ੰਸੀਪਲ ਵੀਨਾ ਢੱਪਈ, ਪਿ੍ੰਸੀਪਲ ਗੁਰਚਰਨ ਸਿੰਘ ਚਾਹਲ ਕਾਲਾ ਸੰਘਿਆਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |