ਭੁਲੱਥ, 3 ਜੂਨ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਮੁਹੱਲਾ ਸਲਾਮਤਪੁਰ ਦੇ ਗੁਰਦੁਆਰਾ ਸਾਹਿਬ ਦੀ ਗਲੀ 'ਚ ਸੀਵਰੇਜ ਹੋਦੀ ਦੇ ਵੱਖ-ਵੱਖ ਢੱਕਣਾਂ ਦੀ ਖਸਤਾ ਹਾਲਤ ਹੋਣ ਕਰਕੇ ਸੰਗਤਾਂ ਤੇ ਆਮ ਲੋਕਾਂ ਲਈ ਹਾਦਸੇ ਦਾ ਕਾਰਨ ਬਣ ਸਕਦਾ ਹੈ | ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੁਹੱਲਾ ਨਿਵਾਸੀਆਂ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਹੋਦੀ ਦੇ ਡੱਕਣਾਂ ਦੀ ਹਾਲਤ ਖਸਤਾ ਹੋਣ ਕਰਕੇ ਬਰਸਾਤੀ ਦਿਨਾਂ 'ਚ ਪ੍ਰੇਸ਼ਾਨੀ ਤਾਂ ਆਉਂਦੀ ਹੈ ਤੇ ਬਦਬੂ ਗੰਦਗੀ ਵੀ ਫੈਲਦੀ ਹੈ | ਇਸ ਤੋਂ ਇਲਾਵਾ ਮੁਹੱਲਾ ਨਿਵਾਸੀ ਜਾਂ ਗੁਰੂ ਘਰ ਦੀ ਸੰਗਤ ਗਲੀ ਵਿਚੋਂ ਖ਼ਾਸ ਕਰ ਹਨੇਰੇ ਵਿਚ ਲੰਘਦੀ ਹੈ ਤਾਂ ਕਈ ਵਾਰ ਖਸਤਾ ਹਾਲਤ ਢੱਕਣ ਲੋਕਾਂ ਦੇ ਡਿੱਗਣ ਦਾ ਕਾਰਨ ਬਣੇ ਹਨ ਤੇ ਕਦੇ-ਕਦੇ ਡਿੱਗਕੇ ਲੋਕ ਸੱਟਾਂ ਵੀ ਲਗਵਾ ਚੁੱਕੇ ਹਨ | ਕਿਉਂਕਿ ਖਸਤਾ ਹਾਲਤ ਹੋਣ ਕਰਕੇ ਕੁੱਝ ਢੱਕਣ ਤਾਂ ਹੋਦੀ 'ਚ ਵੀ ਧੱਸ ਗਏ ਹਨ ਤੇ ਕਿਸੇ ਸਮੇਂ ਪੂਰੀ ਤਰ੍ਹਾਂ ਵੀ ਨਸ਼ਟ ਹੋ ਸਕਦੇ ਹਨ ਤੇ ਕੁੱਝ ਗਲੀ ਦੇ ਪੱਧਰ ਤੋਂ ਉੱਚੇ ਹਨ, ਉਹ ਵੀ ਠੇਡੇ ਲੱਗਣ ਦਾ ਕਾਰਨ ਹਨ | ਅਜਿਹੇ 'ਚ ਅਗਰ ਜਲਦ ਮੁਰੰਮਤ ਨਾ ਹੋਈ ਤਾਂ ਵੱਡੇ ਹਾਦਸੇ ਵਾਪਰ ਸਕਦੇ ਹਨ ਅਤੇ ਕਿਸੇ ਦਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਹਿਫ਼ਾਜ਼ਤ ਤੇ ਗੁਰੂ ਘਰ ਨੇੜੇ ਮਾਹੌਲ ਸਾਫ਼-ਸੁਥਰਾ ਰੱਖਣਾ ਯਕੀਨੀ ਬਣਾਉਂਦੇ ਹੋਏ ਜਲਦ ਇਨ੍ਹਾਂ ਦੀ ਮੁਰੰਮਤ ਕੀਤੀ ਜਾਵੇ | ਇਸ ਸਬੰਧੀ ਜਦੋਂ ਸੀਵਰੇਜ ਬੋਰਡ ਦੇ ਜੇ.ਈ. ਨਵਦੀਪ ਬਿਸ਼ਨੋਈ ਨਾਲ ਗੱਲ-ਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਜਲਦ ਮੁਰੰਮਤ ਕਰਵਾ ਦਿੱਤੀ ਜਾਵੇ ਤੇ ਲੋਕਾਂ ਨੂੰ ਪ੍ਰੇਸ਼ਾਨੀ ਵੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਜਸਵੀਰ ਸਿੰਘ, ਤਜਿੰਦਰ ਸਿੰਘ (ਕਾਲਾ), ਕਿਸ਼ਨ ਸਿੰਘ, ਦਲਜੀਤ ਸਿੰਘ, ਮਨਮੀਤ ਸਿੰਘ, ਬਹਾਦਰ ਸਿੰਘ, ਬਖਸ਼ਿੰਦਰ ਸਿੰਘ, ਸੋਨੂੰ, ਬੀਬੀ ਸੁਖੋ, ਬੀਬੀ ਸਤਵੰਤ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਦਲਜੀਤ ਕੌਰ ਤੇ ਹੋਰ ਹਾਜ਼ਰ ਸਨ |