ਫਗਵਾੜਾ, 19 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਜੀ.ਡੀ.ਆਰ. ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਵਿਚ ਡੈਫੋਡਿਲ ਹਾਊਸ ਦੀ ਇੰਚਾਰਜ ਨਿਧੀ ਦੇ ਕੁਸ਼ਲ ਦਿਸ਼ਾ-ਨਿਰਦੇਸ਼ਨ ਹੇਠ ਦੀਵਾਲੀ, ਵਿਸ਼ਵਕਰਮਾ ਜਯੰਤੀ ਤੇ ਬੰਦੀ ਛੋੜ ਦਿਵਸ ਦੇ ਪਵਿੱਤਰ ਮੌਕੇ 'ਤੇ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਦੀਵੇ ਜਲਾ ਕੇ ਤੇ ਮੰਗਲਾਚਰਨ ਨਾਲ ਹੋਈ | ਇਸ ਮੌਕੇ 'ਤੇ ਵਿਦਿਆਰਥੀਆਂ ਨੂੰ ਤਿੰਨੋਂ ਤਿਉਹਾਰਾਂ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਜਾਣੂ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਤੇ ਪਿ੍ੰਸੀਪਲ ਡਾ: ਮਾਧੂਵੀ ਸ਼ਰਮਾ ਨੇ ਸਾਰਿਆਂ ਨੂੰ ਦੀਵਾਲੀ, ਵਿਸ਼ਵਕਰਮਾ ਜਯੰਤੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ | ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਤਿਉਹਾਰਾਂ ਦਾ ਮਕਸਦ ਸਮਾਜ ਵਿਚ ਏਕਤਾ, ਪ੍ਰੇਮ ਤੇ ਸਕਾਰਾਤਮਿਕ ਊਰਜਾ ਦਾ ਸੰਚਾਰ ਕਰਨਾ ਹੈ | ਸ਼੍ਰੀ ਰਾਮ ਜੀ, ਭਗਵਾਨ ਵਿਸ਼ਵਕਰਮਾ ਜੀ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਤੋਂ ਸਾਨੂੰ ਤਿਆਗ, ਮਰਿਆਦਾ, ਕਰਮਨਿਸ਼ਠਾ ਤੇ ਪਰਉਪਕਾਰ ਦੀ ਪ੍ਰੇਰਨਾ ਮਿਲਦੀ ਹੈ | ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਤਿਉਹਾਰਾਂ ਦੇ ਅਸਲ ਮੂਲ ਨੂੰ ਸਮਝਣ ਤੇ ਆਪਣੇ ਜੀਵਨ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰਨ | ਪ੍ਰੋਗਰਾਮ ਦਾ ਸਮਾਪਨ ਰਾਸ਼ਟਰੀ ਗਾਣ ਨਾਲ ਹੋਇਆ | ਪੂਰਾ ਸਕੂਲ ਤਿਉਹਾਰ ਦੀ ਖ਼ੁਸ਼ੀ 'ਚ ਡੁੱਬਿਆ ਰਿਹਾ ਅਤੇ ਸਾਰਿਆਂ ਨੇ ਮਿਲ ਕੇ ਇਨ੍ਹਾਂ ਤਿੰਨ ਤਿਉਹਾਰਾਂ ਨੂੰ ਉਤਸ਼ਾਹ ਨਾਲ ਮਨਾਇਆ |