ਕਪੂਰਥਲਾ, 31 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਕਰਤਾਰਪੁਰ ਰੋਡ 'ਤੇ ਕ੍ਰਾਈਸਟ ਕਿੰਗ ਕਾਨਵੈਂਟ ਸਕੂਲ ਦੇ ਨੇੜੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਔਰਤ ਸਮੇਤ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ | ਜੇਰੇ ਇਲਾਜ ਸੁਨੀਤਾ ਪਤਨੀ ਸੰਨੀ ਵਾਸੀ ਮਹਿਤਾਬਗੜ੍ਹ ਨੇ ਦੱਸਿਆ ਕਿ ਉਨ੍ਹਾਂ ਦੀ ਘਰ ਦੀ ਛੱਤ ਬੀਤੇ ਦਿਨ ਡਿੱਗ ਪਈ ਸੀ ਜਿਸਦੀ ਦਰਖ਼ਾਸਤ ਦੇਣ ਉਹ ਡੀ.ਸੀ. ਦਫ਼ਤਰ ਆਪਣੇ ਰਿਸ਼ਤੇਦਾਰ ਸੁਰਜੀਤ ਰਾਮ ਪੁੱਤਰ ਦਰਸ਼ਨ ਲਾਲ ਵਾਸੀ ਜਫਰਵਾਲਾ ਸ਼ਾਹਕੋਟ ਨਾਲ ਗਈ ਸੀ ਤੇ ਵਾਪਸੀ ਸਮੇਂ ਜਦੋਂ ਉਹ ਕਰਤਾਰਪੁਰ ਰੋਡ 'ਤੇ ਕ੍ਰਾਈਸਟ ਕਿੰਗ ਕਾਨਵੈਂਟ ਸਕੂਲ ਨੇੜੇ ਪਹੁੰਚੇ ਤਾਂ ਇਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਦੋਵੇਂ ਜ਼ਖਮੀ ਹੋ ਗਏ | ਡਿਊਟੀ ਡਾਕਟਰ ਵਲੋਂ ਸੁਰਜੀਤ ਰਾਮ ਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਹਾਇਰ ਸੈਂਟਰ ਰੈਫ਼ਰ ਕਰ ਦਿੱਤਾ ਗਿਆ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |