ਭੁਲੱਥ, 31 ਅਕਤੂਬਰ (ਮਨਜੀਤ ਸਿੰਘ ਰਤਨ)-ਪਹਿਲਾਂ ਹੀ ਡੁੱਬਣ ਕਿਨਾਰੇ ਚੱਲ ਰਹੀ ਕਿਸਾਨੀ ਨੂੰ ਖਾਦਾਂ ਵਿਚ ਇਹ ਵਾਧਾ ਹੋਰ ਲੈ ਡੁੱਬੇਗਾ | ਇਹਨਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ, ਸਰਬਜੀਤ ਸਿੰਘ ਬਾਠ ਜਨਰਲ ਸਕੱਤਰ ਤੇ ਜਸਵਿੰਦਰ ਸਿੰਘ ਮਾਨਾ ਤਲਵੰਡੀ ਮੀਤ ਪ੍ਰਧਾਨ ਵੱਲੋਂ ਜਾਰੀ ਇੱਕ ਬਿਆਨ ਰਾਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖਾਦਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ | ਐਨ. ਪੀ. ਕੇ. ਖਾਦਾਂ ਅਤੇ ਪਟਾਸ਼ ਖਾਦ ਦੇ ਇਕਦਮ ਰੇਟ ਵਧਾ ਦਿੱਤੇ ਗਏ ਹਨ | ਇਸ ਵੇਲੇ ਜ਼ਰੂਰਤ ਹੈ ਕਿਸਾਨਾਂ ਨੂੰ ਆਰਥਿਕ ਪੈਕੇਜ ਦੇਣ ਦੀ ਉਲਟਾ ਸਰਕਾਰਾਂ ਕਿਸਾਨੀ ਨੂੰ ਮਾਰਨ ਨੂੰ ਕਾਹਲੀਆਂ ਹੋਈਆਂ ਹਨ | ਜੇਕਰ ਇਸੇ ਤਰ੍ਹਾਂ ਹੀ ਖੇਤੀ ਦੀ ਇਨਪੁੱਟ ਵਿਚ ਵਾਧਾ ਹੁੰਦਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿਸਾਨ ਖੇਤੀ ਤੋਂ ਤੌਬਾ ਕਰ ਜਾਣਗੇ | ਕਿਸਾਨ ਪਹਿਲਾਂ ਹੀ ਕਰਜ਼ੇ ਵਿਚ ਇੰਨਾ ਡੁੱਬ ਚੁੱਕਾ ਹੈ ਕਿ ਉਸ ਦੀ ਹੋਰ ਕਰਜ਼ਾ ਲੈ ਕੇ ਖੇਤੀ ਜਾਰੀ ਰੱਖਣ ਦੀ ਸਮਰੱਥਾ ਨਹੀਂ ਰਹੀ | ਸੋ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੁਰਜ਼ੋਰ ਮੰਗ ਕਰਦੀ ਹੈ ਕਿ ਖਾਦਾਂ ਦੇ ਰੇਟਾਂ ਵਿਚ ਕੀਤਾ ਗਿਆ ਵਾਧੇ ਨੂੰ ਸਰਕਾਰ ਤੁਰੰਤ ਵਾਪਸ ਲਵੇ ਤੇ ਪਹਿਲੇ ਰੇਟਾਂ ਉੱਪਰ ਵੀ ਸਬਸਿਡੀ ਵਧਾ ਕੇ ਦੇਸ਼ ਦੇ ਅੰਨ ਭੰਡਾਰ ਨੂੰ ਧਿਆਨ ਵਿਚ ਰੱਖਦਿਆਂ ਖਾਦਾਂ ਦੀ ਕੀਮਤ ਘਟਾਈ ਜਾਵੇ |