ਫਗਵਾੜਾ, 4 ਨਵੰਬਰ (ਹਰਜੋਤ ਸਿੰਘ ਚਾਨਾ)-ਨਗਰ ਨਿਗਮ 'ਚ ਵੱਡੇ ਪੱਧਰ 'ਤੇ ਭਿ੍ਸ਼ਟਾਚਾਰ ਫੈਲਿਆ ਹੋਇਆ ਹੈ ਤੇ ਆਉਂਦੇ ਦਿਨਾ 'ਚ ਖੁੱਲ੍ਹਣ ਵਾਲੇ ਟੈਂਡਰਾਂ 'ਚ ਵੱਡੇ ਪੱਧਰ ਦੇ ਘਪਲੇ ਦੀ ਸੰਭਾਵਨਾ ਹੈ | ਇਹ ਦੋਸ਼ ਅੱਜ ਕਾਂਗਰਸੀ ਪਾਰਟੀ ਦੇ ਕੌਂਸਲਰਾਂ ਵਲੋਂ ਸੰਜੀਵ ਬੁੱਗਾ ਦੀ ਅਗਵਾਈ 'ਚ ਰੈਸਟ ਹਾਊਸ ਵਿਖੇ ਕੀਤੀ ਮੀਟਿੰਗ ਦੌਰਾਨ ਲਗਾਏ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਬੰਟੀ ਵਾਲੀਆ, ਜਤਿੰਦਰ ਵਰਮਾਨੀ, ਅਨੀਤਾ ਰਾਣੀ, ਵੀਨਾ ਰਾਣੀ, ਗੁਰਪ੍ਰੀਤ, ਸੋਨੀਆ, ਰੀਨਾ ਤੇ ਪ੍ਰਮੋਦ ਜੋਸ਼ੀ ਤੇ ਹੋਰਨਾਂ ਨੇ ਦੋਸ਼ ਲਗਾਇਆ ਕਿ ਨਿਗਮ 'ਚ ਗ਼ਲਤ ਕਾਰਗੁਜ਼ਾਰੀਆਂ ਹੋ ਰਹੀਆਂ ਹਨ ਤੇ ਆਉਣ ਵਾਲੇ ਦਿਨਾਂ 'ਚ ਖੁੱਲ੍ਹਣ ਵਾਲੇ 15 ਕਰੋੜ ਦੇ ਨਾਗਰਿਕ ਟੈਂਡਰਾਂ 'ਚ ਵੱਡੇ ਘਪਲੇ ਦੀ ਸੰਭਾਵਨਾ ਹੈ | ਉਨ੍ਹਾਂ ਇਸ ਮਾਮਲੇ ਵਿਚ ਉੱਚ ਪੱਧਰੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਨਿਗਮ ਵਲੋਂ ਟੈਂਡਰ ਖੁੱਲ੍ਹਣ ਤੋਂ ਪਹਿਲਾ ਹੀ ਠੇਕੇਦਾਰਾ ਨੂੰ ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਜਿਨ੍ਹਾਂ ਵਾਰਡਾਂ 'ਚ ਪਹਿਲਾ ਲਾਈਟਾਂ ਹਨ ਉਨ੍ਹਾਂ 'ਚ ਹੀ ਮੁੜ ਲਗਾਈਆਂ ਜਾ ਰਹੀਆਂ ਹਨ ਜਦਕਿ ਸ਼ਹਿਰ ਦੇ ਬਹੁਤੇ ਵਾਰਡ ਬਿਲਕੁਲ ਬੰਦ ਪਏ ਹਨ | ਨਗਰ ਨਿਗਮ ਵਲੋਂ ਕੁੱਤਿਆਂ ਦੀ ਨਸਬੰਦੀ ਨੂੰ ਲੈ ਕੇ 1500 ਰੁਪਏ ਪ੍ਰਤੀ ਕੁੱਤੇ ਦਾ ਬਜਟ ਪਾਸ ਕਰਕੇ ਸ਼ੈੱਲਟਰ ਬਣਾਉਣ ਲਈ ਕਿਹਾ ਸੀ ਪਰ ਕੁੱਝ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਾਲਾਤ ਏਨੇ ਮਾੜੇ ਹੋ ਚੁੱਕੇ ਹਨ ਕਿ ਸਾਰੇ ਪਾਸੇ ਸੜਕਾਂ ਟੁੱਟੀਆਂ ਹੋਈਆ ਹਨ ਤੇ ਲੋਕ ਟੋਇਆ 'ਚ ਗੁਜ਼ਰਨ ਲਈ ਮਜਬੂਰ ਹਨ ਪਰ ਕੋਈ ਸੁਣਨ ਨੂੰ ਤਿਆਰ ਨਹੀਂ | ਵਾਲੀਆ ਨੇ ਕਿਹਾ ਕਿ ਨਿਗਮ ਨੂੰ ਆਪਣੇ ਘੁੰਮਣ ਲਈ ਗੱਡੀਆਂ ਲੈਣੀਆਂ ਜ਼ਰੂਰੀ ਸਨ ਜਾਂ ਫਿਰ ਸਫ਼ਾਈ ਕਰਮੀਆਂ ਲਈ ਰੇਹੜੇ ਜ਼ਰੂਰੀ ਸਨ | ਬੁੱਗਾ ਨੇ ਕਿਹਾ ਕਿ ਨਿਗਮ 'ਚ ਭਿ੍ਸ਼ਟਾਚਾਰ ਸਿਖ਼ਰਾਂ 'ਤੇ ਹੈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਇਸ ਦੀ ਵਿਜੀਲੈਂਸ ਵਿਭਾਗ ਰਾਹੀਂ ਪੂਰੀ ਜਾਂਚ ਕਰਵਾਈ ਜਾਵੇ ਤਾਂ ਜੋ ਭਿ੍ਸ਼ਟਾਚਾਰ ਨੂੰ ਰੋਕਿਆ ਜਾ ਸਕੇ | ਕਾਂਗਰਸੀ ਕੌਂਸਲਰ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਮੀਡੀਆ ਦੀ ਮੌਜੂਦਗੀ ਵਿਚ ਖੁੱਲ੍ਹੀ ਚਰਚਾ ਲਈ ਤਿਆਰ ਹਨ ਅਤੇ ਜ਼ਰੂਰਤ ਪੈਣ 'ਤੇ ਸਬੂਤ ਵੀ ਪੇਸ਼ ਕਰਨਗੇ | ਦੂਜੇ ਪਾਸੇ, ਜਦੋਂ ਮੇਅਰ ਰਾਮ ਪਾਲ ਉੱਪਲ ਨਾਲ ਸੰਪਰਕ ਕੀਤਾ ਗਿਆ, ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ, ਰਾਜਨੀਤਿਕ ਤੌਰ ਤੋਂ ਪ੍ਰੇਰਿਤ ਦੱਸਿਆ | ਉਨ੍ਹਾਂ ਕਿਹਾ ਕਿ ਸਾਰੇ ਟੈਂਡਰ ਨਿਯਮਾਂ ਅਨੁਸਾਰ ਖੋਲ੍ਹੇ ਜਾ ਰਹੇ ਹਨ |