ਸੁਲਤਾਨਪੁਰ ਲੋਧੀ, 19 ਦਸੰਬਰ (ਨਰੇਸ਼ ਹੈਪੀ, ਜਗਮੋਹਨ ਸਿੰਘ ਥਿੰਦ)-ਓਮਾਨ ਦੀ ਰਾਜਧਾਨੀ ਮਸਕਟ ਵਿਚ ਪਿਛਲੇ ਕਈ ਸਾਲਾਂ ਤੋਂ ਫਸੀਆਂ ਲਗਭਗ 70 ਭਾਰਤੀ ਔਰਤਾਂ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਸ਼੍ਰੀ ਐਸ.ਜੈਸ਼ੰਕਰ ਨੂੰ ਪੱਤਰ ਲਿਖਿਆ ਹੈ | ਇਨ੍ਹਾਂ ਪੀੜਤ ਔਰਤ ਦੀ ਸਵਦੇਸ਼ ਵਾਪਸੀ ਲਈ ਭਾਰਤ ਦੇ ਦਖ਼ਲ ਦੀ ਮੰਗ ਕੀਤੀ ਗਈ ਹੈ | ਸੰਤ ਸੀਚੇਵਾਲ ਨੇ ਕਿਹਾ ਕਿ ਖਾੜੀ ਦੇਸ਼ਾਂ ਵਿਚ ਫਸਾਉਣ ਵਾਲੇ ਇਨ੍ਹਾਂ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ | ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ, ਤਾਮਿਲਨਾਡੂ, ਕੇਰਲਾ, ਆਸਾਮ, ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਨਾਲ ਸਬੰਧਿਤ ਇਹ ਔਰਤਾਂ ਵਧੀਆਂ ਰੁਜ਼ਗਾਰ ਦੇ ਝੂਠੇ ਵਾਅਦਿਆਂ 'ਤੇ ਓਮਾਨ ਲਿਜਾਈਆਂ ਗਈਆਂ ਸਨ | ਓਮਾਨ ਵਿਚ ਉਨ੍ਹਾਂ ਨੂੰ ਭਾਰੀ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਓਮਾਨ ਤੋਂ ਭਾਰਤ ਵਾਪਸ ਆਈ ਰਾਣੀ ਸ਼ਕਤੀ ਸਿੰਘ ਨੇ ਓਮਾਨ ਵਿਚ ਪੀੜਤ ਔਰਤਾਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕੀਤੀ ਸੀ | ਜਿਸ ਨੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਸੰਪਰਕ ਕਰਕੇ ਇਨ੍ਹਾਂ ਔਰਤਾਂ ਦੇ ਦਰਦ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ ਸੀ | ਉਸ ਨੇ ਦੱਸਿਆ ਕਿ ਇਸ ਵੇਲੇ ਇਹ ਸਾਰੀਆਂ ਔਰਤਾਂ ਭਾਰਤੀ ਦੂਤਾਵਾਸ ਦੇ ਆਸਰਾ ਸਥਾਨ ਵਿਚ ਰੱਖੀਆਂ ਗਈਆਂ ਹਨ, ਪਰ ਦੁੱਖ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਭਾਰਤ ਵਾਪਸੀ ਲਈ ਮੋਟੀ ਰਕਮ ਦੀ ਮੰਗ ਕੀਤੀ ਜਾ ਰਹੀ ਹੈ | ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਇਸ ਗੰਭੀਰ ਮਾਮਲੇ 'ਤੇ ਤੁਰੰਤ ਕਦਮ ਚੁੱਕਦਿਆਂ ਇਨ੍ਹਾਂ ਸਾਰੀਆਂ ਭਾਰਤੀ ਔਰਤਾਂ ਦੀ ਜਲਦ ਤੋਂ ਜਲਦ ਸੁਰੱਖਿਅਤ ਵਾਪਸੀ ਯਕੀਨੀ ਬਣਾਈ ਜਾਵੇ |