ਫਗਵਾੜਾ, 19 ਦਸੰਬਰ (ਹਰਜੋਤ ਸਿੰਘ ਚਾਨਾ)-ਪੰਜਾਬ 'ਚ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾ. ਆਈ.ਏ.ਐਸ.) ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ | ਉਨ੍ਹਾਂ ਕਿਹਾ ਕਿ ਜਲੰਧਰ ਹਾਈਵੇਅ 'ਤੇ ਗੁੱਟਬੰਦੀ ਕਾਰਨ ਹੋਈ ਫਾਇਰਿੰਗ ਅਤੇ ਹੁਸ਼ਿਆਰਪੁਰ ਦੇ ਟਾਂਡਾ ਖੇਤਰ ਵਿਚ ਸ਼ਰੇਆਮ ਕਤਲ ਵਰਗੀਆਂ ਘਟਨਾਵਾਂ ਸੂਬੇ ਦੀ ਬੇਕਾਬੂ ਸਥਿਤੀ ਨੂੰ ਦਰਸਾਉਂਦੀਆਂ ਹਨ | ਧਾਲੀਵਾਲ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕਬੱਡੀ ਖਿਡਾਰੀਆਂ 'ਤੇ ਹਮਲੇ, ਗੋਲੀਬਾਰੀ, ਫਿਰੌਤੀ ਅਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਕਈ ਵਾਰਦਾਤਾਂ ਸਾਹਮਣੇ ਆਈਆਂ ਹਨ | ਉਨ੍ਹਾਂ ਆਰੋਪ ਲਗਾਇਆ ਕਿ ਗੈਂਗਸਟਰਾਂ ਨੂੰ ਸਰਕਾਰੀ ਢਿੱਲ ਮਿਲ ਰਹੀ ਹੈ ਅਤੇ ਦੇਸ਼ ਵਿਰੋਧੀ ਤਾਕਤਾਂ ਸਰਗਰਮ ਹਨ | ਪੁਲਿਸ ਚੌਕੀਆਂ 'ਤੇ ਹਮਲੇ ਅਤੇ ਚੋਣੀ ਪ੍ਰਕਿਰਿਆ ਦੌਰਾਨ ਅਰਾਜਕਤਾ ਨੇ ਲੋਕਾਂ ਵਿਚ ਡਰ ਪੈਦਾ ਕੀਤਾ ਹੈ | ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਸੰਭਾਲ ਰਹੇ ਮੁੱਖ ਮੰਤਰੀ ਜ਼ਿੰਮੇਵਾਰੀ ਲੈਣ ਦੀ ਥਾਂ ਗੁਮਰਾਹਕੁੰਨ ਬਿਆਨਬਾਜ਼ੀ ਕਰ ਰਹੇ ਹਨ | ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਹਕੀਕਤ ਵੱਖਰੀ ਹੈ | ਧਾਲੀਵਾਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸੂਬੇ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਭਵਿੱਖ ਵਿਚ ਗ਼ੈਰਜ਼ਿੰਮੇਵਾਰ ਧਿਰਾਂ 'ਤੇ ਭਰੋਸਾ ਨਾ ਕੀਤਾ ਜਾਵੇ |