ਫਗਵਾੜਾ, 28 ਦਸੰਬਰ (ਹਰਜੋਤ ਸਿੰਘ ਚਾਨਾ)-ਮੈਂਬਰ ਪਾਰਲੀਮੈਂਟ ਤੇ ਸੀਨੀਅਰ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਨਿਰਾਦਰ ਕੀਤਾ ਹੈ ਜਿਸ ਨੂੰ ਕਾਂਗਰਸ ਪਾਰਟੀ ਸਹਿਣ ਨਹੀਂ ਕਰੇਗੀ ਤੇ ਇਸ ਸੰਬੰਧੀ ਪਾਰਟੀ ਵਲੋਂ ਸੰਘਰਸ਼ ਛੇੜਿਆ ਜਾਵੇਗਾ | ਇੱਥੋਂ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦੇ 150 ਸਾਲਾ ਸਥਾਪਨਾ ਦਿਵਸ ਨੂੰ ਮਨਾਉਣ ਮੌਕੇ ਝੰਡਾ ਲਹਿਰਾਉਣ ਦੀ ਰਸਮ ਕੀਤੀ ਤੇ ਬਾਅਦ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਗ਼ਰੀਬਾਂ, ਬੇਜ਼ਮੀਨੀ, ਸਾਧਨਹੀਣ, ਪੇਂਡੂ ਕਿਰਤੀ ਪਰਿਵਾਰਾਂ ਨੂੰ ਰੁਜ਼ਗਾਰ ਦੇਣ ਦੇ ਮਨੋਰਥ ਨਾਲ ਇਹ ਯੋਜਨਾ ਲਾਗੂ ਕੀਤੀ ਸੀ ਤੇ ਕੇਂਦਰ ਵਲੋਂ 90 ਫ਼ੀਸਦੀ ਗ੍ਰਾਂਟ ਤੇ 10 ਫੀਸਦੀ ਸਿਰਫ਼ ਸੂਬਾ ਸਰਕਾਰਾਂ ਤੋਂ ਹਿੱਸਾ ਦੇਣਾ ਤੈਅ ਕੀਤਾ ਸੀ ਪਰ ਇਸ ਸਰਕਾਰ ਨੇ ਸਕੀਮ ਨੂੰ ਖੋਰਾ ਲਗਾਉਣ ਲਈ ਹੁਣ ਕੇਂਦਰ ਦਾ 60 ਤੇ ਰਾਜ ਸਰਕਾਰ ਦਾ 40 ਫ਼ੀਸਦੀ ਹਿੱਸਾ ਕਰ ਦਿੱਤਾ ਹੈ ਜਦਕਿ ਪੰਜਾਬ ਵਰਗੇ ਅੱਤ ਦੇ ਕਰਜ਼ਾਈ ਰਾਜ ਨੂੰ ਇਹ ਹਿੱਸਾ ਦੇਣਾ ਔਖਾ ਹੋਵੇਗਾ ਤੇ ਇਸ ਦਾ ਨੁਕਸਾਨ ਇਸ ਸਕੀਮ ਨਾਲ ਸਬੰਧਿਤ ਲੋੜਵੰਦਾਂ ਨੂੰ ਨਹੀਂ ਮਿਲ ਸਕੇਗਾ | ਉਨ੍ਹਾਂ ਕਿਹਾ ਕਿ ਭਾਜਪਾ ਗਰੀਬ ਲੋਕਾਂ ਨੂੰ ਖੱਜਲ ਕਰਨ ਤੇ ਤੁਲੀ ਹੋਈ ਹੈ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਨੇ ਇਸ ਯੋਜਨਾ ਦਾ ਨਾਮ ਭਗਵਾਨ ਰਾਮ ਦੇ ਨਾਮ ਤੇ ਰੱਖਣਾ ਸੀ ਤਾਂ ਸੌ ਫ਼ੀਸਦੀ ਦਾ ਭੁਗਤਾਨ ਹੀ ਕੇਂਦਰ ਨੂੰ ਰੱਖਣਾ ਚਾਹੀਦਾ ਹੈ | ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਔਜਲਾ ਦਾ ਇੱਥੇ ਪੁੱਜਣ 'ਤੇ ਸੁਆਗਤ ਕੀਤਾ | ਪਾਰਟੀ ਦੇ ਸਥਾਪਨਾ ਦਿਵਸ ਤੇ ਵਿਚਾਰ ਪ੍ਰਗਟਾਏ ਤੇ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਵਰਕਰਾਂ ਨੂੰ ਆਉਂਦੀਆਂ ਚੋਣਾਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ | ਇਸ ਮੌਕੇ ਸੰਜੀਵ ਬੁੱਗਾ, ਬੰਟੀ ਵਾਲੀਆ, ਸੁਸ਼ੀਲ ਮੈਣੀ, ਗੁਰਦਿਆਲ ਸਿੰਘ ਭੁੱਲਾਰਾਈ, ਤਜਿੰਦਰ ਬਾਵਾ ਸਮੇਤ ਕਈ ਕਾਂਗਰਸੀ ਸ਼ਾਮਿਲ ਸਨ |