ਚੰਡੀਗੜ੍ਹ, 31 ਦਸੰਬਰ (ਅਜੀਤ ਬਿਊਰੋ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿਖੇ 'ਪੰਜਾਬ: ਜਿਥੇ ਸੱਭਿਆਚਾਰ, ਵਿਰਾਸਤ ਅਤੇ ਕੁਦਰਤ ਸਾਹ ਲੈਂਦੀ ਹੈ' ਥੀਮ ਆਧਾਰਿਤ ਪੰਜਾਬ ਰਾਜ ਲਈ ਚਿੱਤਰਮਈ ਕੈਲੰਡਰ 2026 ਜਾਰੀ ਕੀਤਾ | ਇਹ ਕੈਲੰਡਰ, ਜਿਸ ਨੂੰ ਰਾਜ ਸੂਚਨਾ ਕਮਿਸ਼ਨਰ, ਪੰਜਾਬ ਹਰਪ੍ਰੀਤ ਸੰਧੂ ਦੁਆਰਾ ਸਾਵਧਾਨੀ ਨਾਲ ਤਿਆਰ ਅਤੇ ਸੰਕਲਿਤ ਕੀਤਾ ਗਿਆ ਹੈ, ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਪਵਿੱਤਰ ਧਾਰਮਿਕ ਵਿਰਾਸਤ, ਜੀਵੰਤ ਖੇਤੀਬਾੜੀ ਲੋਕਾਚਾਰ ਅਤੇ ਪੁਰਾਤਨ ਕੁਦਰਤੀ ਦਿ੍ਸ਼ਾਂ ਦਾ ਇਕ ਸਪੱਸ਼ਟ ਅਤੇ ਵਿਆਪਕ ਦਿ੍ਸ਼ਟੀਗਤ ਬਿਰਤਾਂਤ ਪੇਸ਼ ਕਰਦਾ ਹੈ | ਕੈਲੰਡਰ 'ਚ ਰਾਜਪਾਲ ਦਾ ਸਾਰਥਕ ਸੰਦੇਸ਼ ਹੈ | ਹਰਪ੍ਰੀਤ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਰਾਜ ਲਈ ਕੈਲੰਡਰ 2026 ਨੂੰ ਨਾਗਰਿਕਾਂ, ਸੈਲਾਨੀਆਂ ਅਤੇ ਖਾਸ ਕਰਕੇ ਨੌਜਵਾਨਾਂ ਲਈ ਪ੍ਰੇਰਨਾ ਦੇ ਸਰੋਤ ਦੇ ਰੂਪ 'ਚ ਕੰਮ ਕਰਨ ਦੇ ਉਦੇਸ਼ ਨਾਲ ਸੰਕਲਿਤ ਕੀਤਾ ਹੈ, ਤਾਂ ਕਿ ਉਹ ਪੰਜਾਬ ਦੀ ਸ਼ਾਨਦਾਰ ਵਿਰਾਸਤ ਨਾਲ ਦੁਬਾਰਾ ਜੁੜ ਸਕਣ ਅਤੇ ਕੁਦਰਤ ਤੇ ਖੇਤੀ ਨਾਲ ਇਸ ਦੇ ਸਥਾਈ ਸੰਬੰਧਾਂ ਦੀ ਕਦਰ ਕਰ ਸਕਣ |