ਕੋਲਕਾਤਾ, 5 ਜਨਵਰੀ (ਪੀ.ਟੀ.ਆਈ.)- ਇਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ, ਜਿਸ ਵਿਚ ਕਥਿਤ ਤੌਰ 'ਤੇ ਇਕ ਟੇਬਲ 'ਤੇ ਕਰੰਸੀ ਨੋਟਾਂ ਦੇ ਬੰਡਲ ਰੱੱਖੇ ਹੋਏ ਹਨ ਅਤੇ ਉਸ ਦੇ ਪਿੱਛੇ ਇਕ ਟੀ. ਐੱਮ. ਸੀ. ਆਗੂ ਬੈਠਾ ਹੈ | ਇਸ ਨਾਲ ਪੱਛਮੀ ਬੰਗਾਲ 'ਚ ਰਾਜਨੀਤਕ ਵਿਵਾਦ ਸ਼ੁਰੂ ਹੋ ਗਿਆ ਹੈ, ਜਿਥੇ ਕੁਝ ਮਹੀਨਿਆਂ 'ਚ ਚੋਣਾਂ ਹੋਣ ਵਾਲੀਆਂ ਹਨ | ਉੱਤਰ 24 ਪਰਗਨਾ ਜ਼ਿਲ੍ਹੇ ਦੀ ਬਾਰਾਸਾਤ 1 ਪੰਚਾਇਤ ਸੰਮਤੀ ਦੇ ਉਪ-ਪ੍ਰਧਾਨ ਮੁਹੰਮਦ ਗਿਆਸੂਦੀਨ ਮੰਡਲ, ਸਥਾਨਕ ਵਪਾਰੀ ਰਕੀਬੁਲ ਇਸਲਾਮ ਦੇ ਨਾਲ ਬੈਠੇ ਦਿਸੇ ਅਤੇ ਟੇਬਲ 'ਤੇ ਵੱਡੀ ਗਿਣਤੀ 'ਚ ਨਕਦੀ ਫੈਲੀ ਹੋਈ ਦਿਸ ਰਹੀ ਸੀ | ਪੀ.ਟੀ. ਆਈ. ਸੁਤੰਤਰ ਰੂਪ 'ਚ ਵੀਡੀਓ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰ ਸਕਿਆ | ਕਲਿੱਪ 'ਚ ਇਕ ਆਵਾਜ਼ ਫੋਨ 'ਤੇ ਪੁੱਛ ਰਹੀ ਸੀ ਕਿ ਖਰੀਦਦਾਰੀ 'ਨਕਦ ਜਾਂ ਫਾਇਨਾਂਸ 'ਤੇ' ਕੀਤੀ ਜਾਵੇਗੀ, ਜਦੋਂਕਿ ਬਾਅਦ 'ਚ ਇਕ ਹੋਰ ਵਿਅਕਤੀ ਨਾਇਲੋਨ ਦਾ ਬੈਗ ਲੈ ਕੇ ਆਇਆ ਜੋ ਪੈਸਿਆਂ ਨਾਲ ਭਰਿਆ ਹੋਇਆ ਸੀ | ਵੀਡੀਓ ਨਾਲ ਨਾਜਾਇਜ਼ ਨਕਦ ਲੈਣ-ਦੇਣ ਦੇ ਦੋਸ਼ ਲੱਗੇ | ਬੇਸ਼ੱਕ, ਮੰਡਲ ਨੇ ਇਸ ਦੋਸ਼ ਨੂੰ ਖਾਰਜ ਕਰਦਿਆਂ ਦਾਅਵਾ ਕੀਤਾ ਕਿ ਕਲਿੱਪ 2022 ਦਾ ਹੈ ਅਤੇ ਇਸ ਲੈਣ-ਦੇਣ 'ਚ ਉਸ ਦੀ ਕੋਈ ਭੂਮਿਕਾ ਨਹੀਂ ਸੀ | ਉਨ੍ਹਾਂ ਨੇੱ ਪੱਤਰਕਾਰਾਂ ਨੂੰ ਦੱਸਿਆ,'ਮੈਂ ਬਸ ਉਥੇ ਬੈਠਾ ਸੀ | ਇਹ ਇਕ ਪੁਰਾਣਾ ਵੀਡੀਓ ਹੈ | ਕੁਝ ਦੋਸਤ ਜ਼ਮੀਨ ਦੇ ਸੌਦੇ 'ਚ ਸ਼ਾਮਿਲ ਸਨ | ਮੈਨੂੰ ਸਿਰਫ ਇੰਨਾ ਹੀ ਪਤਾ ਹੈ |'' ਵੀਡੀਓ 'ਚ ਫੋਨ 'ਤੇ ਗੱਲਬਾਤ ਕਰਦੇ ਦਿਸ ਰਹੇ ਰਕੀਬੁਲ ਇਸਲਾਮ ਨੇ ਵੀ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਨਕਦੀ ਜ਼ਮੀਨ ਦੇ ਲੈਣ-ਦੇਣ ਨਾਲ ਸੰਬੰਧਿਤ ਸੀ | ਇਹ ਵੀਡੀਓ ਦੋ ਸਾਲ ਪੁਰਾਣਾ ਹੈ |