ਹਰਜਿੰਦਰ ਸਿੰਘ ਲਾਲ
ਖੰਨਾ, 5 ਜਨਵਰੀ-ਨਵੇਂ ਸਾਲ ਦੇ ਸ਼ੁਰੂ 'ਚ ਹੀ ਦੁਨੀਆ ਨੂੰ ਵੱਡਾ ਝਟਕਾ ਲੱਗਾ ਹੈ | ਅਮਰੀਕੀ ਫ਼ੌਜ ਨੇ 3 ਜਨਵਰੀ ਨੂੰ ਵੈਨੇਜ਼ੁਏਲਾ 'ਤੇ 'ਆਪਰੇਸ਼ਨ ਐਬਸੋਲਿਊਟ ਰਿਜ਼ੌਲਵ' ਨਾਂਅ ਦਾ ਹਮਲਾ ਕਰਕੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਅਗਵਾ ਕਰਕੇ ਵਿਸ਼ਵ ਰਾਜਨੀਤੀ ਵਿਚ ਤੂਫ਼ਾਨ ਲਿਆ ਦਿੱਤਾ ਹੈ | ਡੋਨਲਾਡ ਟਰੰਪ ਨੇ ਇਸ ਨੂੰ ਨਸ਼ਿਆਂ ਦੀ ਆਵਾਜਾਈ ਤੇ ਅੱਤਵਾਦ ਵਿਰੋਧੀ ਕਾਰਵਾਈ ਦੱਸਿਆ ਹੈ ਪਰ ਵਿਸ਼ਲੇਸ਼ਕਾਂ ਦੀ ਨਜ਼ਰ ਵਿਚ ਇਹ ਹਮਲਾ ਅਮਰੀਕਾ ਦੀ ਰਣਨੀਤੀ ਦਾ ਹਿੱਸਾ ਹੈ, ਇਹ ਸਿਰਫ਼ ਨਸ਼ਿਆਂ ਖ਼ਿਲਾਫ਼ ਕਾਰਵਾਈ ਨਹੀਂ | ਇਹ ਅਸਲ ਵਿਚ ਚੀਨ ਦੇ ਹਿਤਾਂ 'ਤੇ ਹਮਲਾ ਮੰਨਿਆ ਜਾ ਰਿਹਾ ਹੈ | ਟਰੰਪ ਦੀ ਵੈਨੇਜ਼ੁਏਲਾ ਨੂੰ 'ਸੁਰੱਖਿਅਤ ਤਬਾਦਲੇ' ਤੱਕ ਚਲਾਉਣ ਦੀ ਗੱਲ ਦੁਨੀਆ ਦੇ ਹੋਰ ਦੇਸ਼ਾਂ ਵਿਚ ਡਰ ਵਧਾਏਗੀ | ਦੂਜੇ ਪਾਸੇ ਨਾਂਅ ਦੇ ਇਸ ਹਮਲੇ ਤੋਂ ਬਾਅਦ ਵੈਨੇਜ਼ੁਏਲਾ ਦੀ ਉਪ-ਰਾਸ਼ਟਰਪਤੀ ਡੈਲਸੀ ਰੋਡਰਿਗੇਜ਼ ਨੇ ਵਿਰੋਧ ਦਾ ਐਲਾਨ ਕੀਤਾ ਹੈ | ਹੈਰਾਨੀ ਦੀ ਗੱਲ ਹੈ ਕਿ ਡੋਨਾਲਡ ਟਰੰਪ ਹੋਰ ਵੀ ਹਮਲਾਵਰ ਹੋ ਗਏ ਹਨ | ਉਨ੍ਹਾਂ ਨੇ ਆਪਣੇ ਸਹਿਯੋਗੀ ਦੇਸ਼ ਡੈਨਮਾਰਕ ਦੇ ਸਵੈ-ਸ਼ਾਸਿਤ ਖੇਤਰ ਗ੍ਰੀਨਲੈਂਡ ਨੂੰ ਕਬਜ਼ੇ ਵਿਚ ਲੈਣ ਦੀ ਗੱਲ ਕਰ ਕੇ ਅਤੇ ਕੋਲੰਬੀਆ ਬਾਰੇ ਸਖ਼ਤ ਲਹਿਜ਼ੇ ਵਿਚ ਇਹ ਕਹਿ ਕਿ 'ਆਪਰੇਸ਼ਨ ਕੋਲੰਬੀਆ' ਉਨ੍ਹਾਂ ਨੂੰ ਚੰਗਾ ਲੱਗਦਾ ਹੈ | ਉਨ੍ਹਾਂ ਨੇ ਵਿਸ਼ਵ ਰਾਜਨੀਤੀ ਵਿਚ ਤਰਥਲੀ ਮਚਾ ਦਿੱਤੀ ਹੈ | ਟਰੰਪ ਨੇ ਉਹੀ ਇਲਜ਼ਾਮ ਕੋਲੰਬੀਆ 'ਤੇ ਲਾਏ ਹਨ ਜੋ ਉਸ ਨੇ ਵੈਨੇਜ਼ੁਏਲਾ 'ਤੇ ਲਾਏ ਸਨ | ਇਸ ਤਰ੍ਹਾਂ ਜਾਪਦਾ ਹੈ ਕਿ ਟਰੰਪ ਤੀਸਰੇ ਸ਼ੀਤ ਯੁੱਧ ਵੱਲ ਵੱਧ ਰਹੇ ਹਨ | ਵਿਸ਼ਲੇਸ਼ਕ ਇਸ ਹਮਲੇ ਦਾ ਸਭ ਤੋਂ ਵੱਡਾ ਨਿਸ਼ਾਨਾ ਚੀਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਮੰਨ ਰਹੇ ਹਨ ਤਾਂ ਜੋ ਉਸ ਦਾ ਗਲੋਬਲ ਅਸਰ ਖ਼ਤਮ ਜਾਂ ਘੱਟ ਕੀਤਾ ਜਾ ਸਕੇ | ਵੈਨੇਜ਼ੁਏਲਾ ਵਿਚ ਚੀਨ ਦਾ ਲਗਭਗ 60 ਬਿਲੀਅਨ ਡਾਲਰ ਦਾ ਨਿਵੇਸ਼ ਹੈ, ਇੱਥੋਂ 80 ਫ਼ੀਸਦੀ ਤੇਲ ਦਾ ਖ਼ਰੀਦਦਾਰ ਚੀਨ ਹੈ | ਅਮਰੀਕਾ ਨੇ ਹਮਲਾ ਕਰਨ ਦਾ ਸਮਾਂ ਵੀ ਉਹ ਚੁਣਿਆ ਜਦੋਂ ਚੀਨ ਦਾ ਉਚ ਪੱਧਰੀ ਵਫ਼ਦ ਵੈਨੇਜ਼ੁਏਲਾ ਵਿਚ ਸੀ | ਹੁਣ ਚੀਨ ਨੂੰ ਤੇਲ ਖਾੜੀ ਦੇਸ਼ਾਂ ਜਾਂ ਰੂਸ ਤੋਂ ਲੈਣਾ ਪਵੇਗਾ, ਜਿਸ ਨਾਲ ਚੀਨ ਨੂੰ ਡਾਲਰ ਵਿਚ ਖ਼ਰੀਦ ਕਰਨੀ ਪਵੇਗੀ, ਇਸ ਨਾਲ ਡਾਲਰ ਦੀ ਤਾਕਤ ਵਧੇਗੀ | ਚੀਨ ਦੇ ਵੈਨੇਜ਼ੁਏਲਾ ਵਿਚ ਅਤੇ ਹੋਰ 160 ਦੇਸ਼ਾਂ ਵਿਚਲੇ ਕਰਜ਼ੇ ਖ਼ਤਰੇ ਵਿਚ ਪੈ ਸਕਦੇ ਹਨ | ਇਹ ਹਮਲਾ ਚੀਨ ਨੂੰ ਇਕ ਧਮਕੀ ਵੀ ਸਮਝਿਆ ਜਾ ਰਿਹਾ ਹੈ ਕਿ ਉਹ ਤਾਇਵਾਨ ਅਤੇ ਈਰਾਨ ਵਰਗੇ ਮੁੱਦਿਆਂ 'ਤੇ ਅਮਰੀਕਾ ਨਾਲ ਨਾ ਉਲਝੇ | ਅਮਰੀਕਾ ਦੇ ਉਦੇਸ਼ਾਂ 'ਚ ਚੀਨ ਦੇ ਅੰਤਰਰਾਸ਼ਟਰੀ ਪ੍ਰਭਾਵ ਨੂੰ ਘੱਟ ਕਰਨਾ, ਵੈਨੇਜ਼ੁਏਲਾ ਦੇ ਦੁਨੀਆਂ ਦੇ ਸਭ ਤੋਂ ਵੱਡੇ ਤੇਲ ਭੰਡਾਰਾਂ 'ਤੇ ਕੰਟਰੋਲ ਕਰਨਾ, ਰੂਸ ਅਤੇ ਈਰਾਨ ਵਰਗੇ ਦੇਸ਼ਾਂ ਨੂੰ ਚੁਣੌਤੀ ਕਿ ਉਹ ਆਪਣੇ ਸਹਿਯੋਗੀ ਨੂੰ ਨਹੀਂ ਬਚਾ ਸਕੇ | ਲਾਤੀਨੀ ਅਮਰੀਕਾ ਵਿਚ ਅਮਰੀਕੀ ਪ੍ਰਭਾਵ ਵਧਾਉਣਾ | ਅੰਤਰਰਾਸ਼ਟਰੀ ਰਾਜਨੀਤੀ ਵਿਚ ਇਹ ਸੁਨੇਹਾ ਕਿ ਅਮਰੀਕਾ ਵਿਰੋਧੀ ਕੋਈ ਸਰਕਾਰ ਸੁਰੱਖਿਅਤ ਨਹੀਂ | ਵੈਨੇਜ਼ੁਏਲਾ 'ਤੇ ਇਹ ਹਮਲਾ ਭਾਰਤ 'ਤੇ ਸਿੱਧਾ ਅਸਰ ਨਹੀਂ ਪਾਉਂਦਾ, ਪਰ ਜੇਕਰ ਨਾਲ ਤੇਲ ਕੀਮਤਾਂ ਵਧਦੀਆਂ ਹਨ, ਤਾਂ ਭਾਰਤ ਵਿਚ ਮਹਿੰਗਾਈ ਵਧੇਗੀ | ਭਾਰਤ ਨੂੰ ਬਿ੍ਕਸ ਵਿਚ ਆਪਣੀ ਭੂਮਿਕਾ ਬਾਰੇ ਵੀ ਵਿਚਾਰ ਕਰਨਾ ਪਵੇਗਾ | ਜੇ ਅਮਰੀਕਾ ਨੇ ਈਰਾਨ 'ਤੇ ਹਮਲਾ ਕੀਤਾ ਤਾਂ ਭਾਰਤ ਲਈ ਮੁਸ਼ਕਿਲਾਂ ਹੋਣਗੀਆਂ | ਭਾਰਤ ਦੀ ਈਰਾਨ ਵਿਚ ਸਥਿਤ ਚਾਬਹਾਰ ਬੰਦਰਗਾਹ ਵੀ ਪ੍ਰਭਾਵਿਤ ਹੋ ਸਕਦੀ ਹੈ ਪਰ ਜੇਕਰ ਅਮਰੀਕਾ ਚੀਨ ਦੀ ਤਾਕਤ ਘਟਾਉਣ ਵਿਚ ਸਫਲ ਰਿਹਾ ਤਾਂ ਇਸ ਦਾ ਭਾਰਤ ਨੂੰ ਸਿੱਧਾ ਫ਼ਾਇਦਾ ਹੋਵੇਗਾ |
ਈਰਾਨ 'ਤੇ ਹਮਲੇ ਦੀ ਸੰਭਾਵਨਾ
ਹਾਲਾਂਕਿ ਟਰੰਪ ਨੇ ਫ਼ੌਰੀ ਤੌਰ 'ਤੇ ਡੈਨਮਾਰਕ, ਗ੍ਰੀਨਲੈਂਡ ਅਤੇ ਆਪ੍ਰੇਸ਼ਨ ਕੋਲੰਬੀਆ ਦੀ ਗੱਲ ਕੀਤੀ ਹੈ ਪਰ ਟਰੰਪ ਦੀ ਇਹ ਧਮਕੀ ਦਿੱਤੀ ਹੈ ਕਿ ਜੇ ਈਰਾਨ ਨੇ ਵਿਖਾਵਾਕਾਰੀਆਂ 'ਤੇ ਗੋਲੀ ਚਲਾਈ ਤਾਂ ਅਮਰੀਕਾ ਮਦਦ ਕਰੇਗਾ ਅਤੇ ਇਸ ਤੋਂ ਇਹ ਪ੍ਰਭਾਵ ਲਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਪਹਿਲਾਂ ਹੀ ਅਮਰੀਕਾ ਈਰਾਨ 'ਤੇ ਹਮਲਾ ਕਰ ਸਕਦਾ ਹੈ | ਗੌਰਤਲਬ ਹੈ ਕਿ ਈਰਾਨ ਖਾੜੀ ਰਾਹੀਂ ਦੁਨੀਆ ਦੇ 60-70 ਫ਼ੀਸਦੀ ਤੇਲ ਦੀ ਸਪਲਾਈ ਕੰਟਰੋਲ ਕਰਦਾ ਹੈ | ਜੇ ਅਮਰੀਕਾ ਨੇ ਈਰਾਨ 'ਤੇ ਹਮਲਾ ਕੀਤਾ ਤਾਂ ਵਿਸ਼ਵ ਤੇਲ ਸੰਕਟ ਵਧੇਗਾ ਅਤੇ ਵਿਸ਼ਵ ਯੁੱਧ ਵਰਗੀ ਸਥਿਤੀ ਬਣ ਸਕਦੀ ਹੈ | ਗਲੋਬਲ ਐਕਸਪਰਟ ਅਮਰੇਸ਼ ਮਿਸ਼ਰਾ ਨੇ ਕਿਹਾ ਕਿ ਇਹ ਰਿਹਰਸਲ ਹੈ ਅਤੇ ਅਸਲ ਨਿਸ਼ਾਨਾ ਈਰਾਨ ਹੈ | ਭਾਵੇਂ ਰੂਸ ਤੇ ਚੀਨ ਯੂ. ਐਨ. ਓ. ਵਿਚ ਅਮਰੀਕਾ ਖ਼ਿਲਾਫ਼ ਵੀਟੋ ਵਰਤ ਸਕਦੇ ਹਨ ਪਰ ਟਰੰਪ ਵਲੋਂ ਯੂ. ਐਨ. ਓ. ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ |
ਉੱਤਰੀ ਕੋਰੀਆ ਦੀ ਧਮਕੀ ਤੇ ਅਸਰ
ਇਸ ਹਮਲੇ ਦੇ ਜੁਆਬ ਵਿਚ ਉੱਤਰੀ ਕੋਰੀਆ ਨੇ 4 ਜਨਵਰੀ ਨੂੰ ਬੈਲਿਸਟਿਕ ਮਿਜ਼ਾਈਲਾਂ ਫਾਇਰ ਕੀਤੀਆਂ, ਉੱਤਰੀ ਕੋਰੀਆ ਵੈਨੇਜ਼ੁਏਲਾ ਦਾ ਸਹਿਯੋਗੀ ਹੈ, ਅਮਰੀਕਾ ਅਜਿਹੇ ਹਮਲੇ ਉਸ 'ਤੇ ਵੀ ਕਰ ਸਕਦਾ ਹੈ | ਕਿਉਂਕਿ ਇਹ ਮਿਜ਼ਾਈਲ ਟੈਸਟ ਅਮਰੀਕਾ ਨੂੰ ਚੁਣੌਤੀ ਹਨ ਤੇ ਇਨ੍ਹਾਂ ਨੇ ਦੱਖਣੀ ਕੋਰੀਆ ਅਤੇ ਜਾਪਾਨ ਨੂੰ ਚਿੰਤਾ ਵਿਚ ਪਾ ਦਿੱਤਾ ਹੈ | ਰੂਸ, ਚੀਨ ਤੇ ਈਰਾਨ ਤੋਂ ਇਲਾਵਾ ਬ੍ਰਾਜ਼ੀਲ ਅਤੇ ਕੋਲੰਬੀਆ ਵਰਗੇ ਅਮਰੀਕਾ ਦੇ ਗੁਆਂਢੀ ਦੇਸ਼ ਵੀ ਚਿੰਤਤ ਹਨ ਅਤੇ ਅਮਰੀਕਾ ਖ਼ਿਲਾਫ਼ ਗੋਰੀਲਾ ਯੁੱਧ ਦੀ ਸੰਭਾਵਨਾ ਵੀ ਵਧੀ ਹੈ |
ਅਮਰੀਕਾ ਦਾ ਵੈਨੇਜ਼ੁਏਲਾ 'ਤੇ ਹਮਲਾ ਸਿਰਫ਼ ਨਸ਼ੇ ਖ਼ਿਲਾਫ਼ ਨਹੀਂ ਸਗੋਂ ਵਿਸ਼ਵ ਰਾਜਨੀਤੀ ਦਾ ਹਿੱਸਾ <br/>
ਅਜੀਤ ਡੈਸਕ
06-01-2026